ਅੱਧੇ ਘੰਟੇ ਚ ਪੈ ਗਈ ਇੰਨੀ ਬਾਰਿਸ਼ ਕਿ ਸੜਕਾਂ ਤੇ ਹੋ ਗਿਆ ਪਾਣੀ ਹੀ ਪਾਣੀ

ਗਰਮੀ ਨੇ ਲੋਕਾਂ ਦਾ ਨੱਕ ਵਿੱਚ ਦਮ ਕਰ ਰੱਖਿਆ ਹੈ। ਹਰ ਕੋਈ ਚਾਹੁੰਦਾ ਹੈ ਕਿ ਬਾਰਸ਼ ਹੋਵੇ ਪਰ ਚੰਡੀਗਡ਼੍ਹ ਵਿੱਚ ਕੁਝ ਮਿੰਟ ਹੀ ਪਏ ਮੀਂਹ ਨੇ ਪ੍ਰਸ਼ਾਸਨ ਦੇ ਸਾਰੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ। ਮਾਮਲਾ ਚੰਡੀਗੜ੍ਹ ਦੀ ਸੁਖਨਾ ਝੀਲ ਨੇੜਲੇ ਪਿੰਡ ਕਿਸ਼ਨਗਡ਼੍ਹ ਦਾ ਹੈ। ਜਿੱਥੇ ਕੁਝ ਹੀ ਮਿੰਟ ਪਏ ਮੀਂਹ ਕਾਰਨ ਜਲ ਹੀ ਜਲ ਹੋ ਗਿਆ। ਸੀਵਰੇਜ ਓਵਰ ਫਲੋਅ ਹੋ ਗਏ। ਇਸ ਨਾਲ ਗੰਦਾ ਪਾਣੀ ਸਡ਼ਕ ਤੇ ਆ ਗਿਆ। ਵੈਸੇ ਤਾਂ ਚੰਡੀਗੜ੍ਹ ਨੂੰ ਸਮਾਰਟ ਸਿਟੀ ਕਿਹਾ ਜਾਂਦਾ ਹੈ।

ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਇਨ੍ਹਾਂ ਪਿੰਡਾਂ ਨੂੰ ਸਮਾਰਟ ਪਿੰਡ ਬਣਾਉਣ ਦੀ ਗੱਲ ਆਖੀ ਜਾ ਰਹੀ ਹੈ ਪਰ ਅੱਜ ਕਿਸ਼ਨਗਡ਼੍ਹ ਦਾ ਜੋ ਹਾਲ ਹੈ, ਉਹ ਸਭ ਦੇ ਸਾਹਮਣੇ ਹੈ। ਸੜਕਾਂ ਤੇ ਫਿਰਦੇ ਗੰਦੇ ਪਾਣੀ ਕਾਰਨ ਲੋਕ ਘਰਾਂ ਵਿੱਚੋਂ ਬਾਹਰ ਨਹੀਂ ਨਿਕਲ ਸਕਦੇ। 2 ਪਹੀਆ ਵਾਹਨ ਤਾਂ ਸੜਕ ਤੇ ਕੱਢਣਾ ਹੀ ਸੌਖਾ ਨਹੀਂ। ਸੜਕਾਂ ਦਾ ਬੁਰਾ ਹਾਲ ਹੈ। ਗੱਡੀਆਂ ਵੀ ਕਈ ਫੁੱਟ ਪਾਣੀ ਵਿਚ ਖੜ੍ਹੀਆਂ ਦੇਖੀਆਂ ਗਈਆਂ। ਮੀਂਹ ਪੈਣ ਕਾਰਨ ਲੋਕਾਂ ਦੇ ਚਿਹਰੇ ਤੇ ਜੋ ਰੌਣਕ ਆਈ ਸੀ, ਉਹ ਇਸ ਦ੍ਰਿਸ਼ ਨੂੰ ਦੇਖ ਕੇ ਉੱਡ ਗਈ।

ਲੋਕਾਂ ਦੀ ਮੰਗ ਹੈ ਕਿ ਪਾਣੀ ਦੇ ਨਿਕਾਸ ਦਾ ਪ੍ਰਬੰਧ ਕੀਤਾ ਜਾਵੇ। ਸੜਕਾਂ ਵਿਚ ਟੋਏ ਪਏ ਹੋਏ ਹਨ। ਟੋਇਆਂ ਵਿੱਚ ਖੜ੍ਹਾ ਪਾਣੀ ਹਾ ਦ ਸਿ ਆਂ ਨੂੰ ਜਨਮ ਦਿੰਦਾ ਹੈ। ਲੋਕ ਚਾਹੁੰਦੇ ਹਨ ਵਧੀਆ ਸੜਕਾਂ ਬਣਾਈਆਂ ਜਾਣ। ਜੇਕਰ ਕੁਝ ਮਿੰਟਾਂ ਦੀ ਬਾਰਸ਼ ਨਾਲ ਹੀ ਇਹ ਹਾਲ ਹੋ ਗਿਆ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਭਰਵੀਂ ਬਾਰਸ਼ ਦੌਰਾਨ ਕੀ ਹਾਲ ਹੋਵੇਗਾ?