ਇਕ ਹੋਰ ਧੀ ਨੇ ਮਾਪਿਆਂ ਦਾ ਨਾਮ ਕੀਤਾ ਰੌਸ਼ਨ

ਜਿੱਥੇ ਖੇਡਾਂ ਸਰੀਰਕ ਤੰਦਰੁਸਤੀ ਦਿੰਦੀਆਂ ਹਨ, ਉਥੇ ਹੀ ਖਿਡਾਰੀਆਂ ਨੂੰ ਸਮਾਜ ਵਿੱਚ ਮਾਣ ਸਤਿਕਾਰ ਵੀ ਹਾਸਲ ਹੁੰਦਾ ਹੈ। ਉਨ੍ਹਾਂ ਦੀ ਵੱਖਰੀ ਪਹਿਚਾਣ ਬਣਦੀ ਹੈ। ਜ਼ਿਲ੍ਹਾ ਗੁਰਦਾਸਪੁਰ ਦੀ ਇਕ ਲੜਕੀ ਪਵਿੱਤਰ ਨੂਰ ਨੇ ਉੜੀਸਾ ਦੇ ਕਟਕ ਵਿੱਚ ਹੋਈਆਂ ਨੈਸ਼ਨਲ ਫੈਂਸਿੰਗ ਖੇਡਾਂ ਅੰਡਰ 20 ਵਿੱਚ ਹਿੱਸਾ ਲੈ ਕੇ ਕਾਂਸੇ ਦਾ ਤਗ਼ਮਾ ਹਾਸਲ ਕੀਤਾ। ਇਸ ਲੜਕੀ ਦੇ ਪਰਿਵਾਰ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਹੈ। ਉਸ ਨੇ ਆਪਣੇ ਜ਼ਿਲ੍ਹੇ ਦਾ ਹੀ ਨਹੀਂ ਸਗੋਂ ਪੰਜਾਬ ਦਾ ਹੀ ਨਾਮ ਰੌਸ਼ਨ ਕੀਤਾ ਹੈ।

ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਖੇਡਾਂ ਵਿੱਚ ਅੰਡਰ 20 ਵਾਲੀਆਂ 95 ਕੁੜੀਆਂ ਨੇ ਹਿੱਸਾ ਲਿਆ। ਇਸ ਲੜਕੀ ਨੇ 25ਵਾਂ ਰੈਂਕ ਹਾਸਲ ਕੀਤਾ ਹੈ। ਉਸ ਨੇ ਅੱਠਵੀਂ ਜਮਾਤ ਤੋਂ ਹੀ ਇਸ ਪਾਸੇ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਸੀ। ਇਹ ਲੜਕੀ ਆਪਣੀ ਇਸ ਪ੍ਰਾਪਤੀ ਵਿੱਚ ਆਪਣੀ ਕੋਚ ਸੋਨੀਆ ਅਤੇ ਸੈਂਟਰ ਦੇ ਮੁਖੀ ਜਗਤਾਰ ਸਿੰਘ ਦਾ ਵੱਡਾ ਯੋਗਦਾਨ ਮੰਨਦੀ ਹੈ। ਉਹ ਅੰਤਰਰਾਸ਼ਟਰੀ ਪੱਧਰ ਤੇ ਖੇਡ ਕੇ ਸੋਨ ਤਗ਼ਮਾ ਜਿੱਤਣ ਦੀ ਚਾਹਵਾਨ ਹੈ। ਇਹ ਜਿੱਤ ਹਾਸਿਲ ਕਰਨ ਉਪਰੰਤ ਜਦੋਂ ਇਹ ਲੜਕੀ ਆਪਣੇ ਜ਼ਿਲ੍ਹਾ ਗੁਰਦਾਸਪੁਰ ਪਹੁੰਚੀ ਤਾਂ ਫੈਂਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਜਗਤਾਰ ਸਿੰਘ ਦੀ ਅਗਵਾਈ ਵਿੱਚ ਇਕ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ।

ਜਿਸ ਵਿੱਚ ਇਸ ਖਿਡਾਰਨ ਦਾ ਸਵਾਗਤ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਜਗਤਾਰ ਸਿੰਘ ਵੱਲੋਂ ਆਪਣੀ ਇਸ ਖਿਡਾਰਨ ਦੀ ਕਾਰਗੁਜ਼ਾਰੀ ਤੇ ਮਾਣ ਮਹਿਸੂਸ ਕੀਤਾ ਗਿਆ। ਇਨ੍ਹਾਂ ਦੇ ਸੈਂਟਰ ਵਿੱਚੋਂ 2 ਖਿਡਾਰਨਾਂ ਨੇ ਇਸ ਖੇਡ ਵਿੱਚ ਹਿੱਸਾ ਲਿਆ ਸੀ। ਇਨ੍ਹਾਂ ਦੋਵਾਂ ਨੇ ਹੀ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਹੈ। ਪਵਿੱਤ ਨੂਰ ਸ਼ੁਰੂ ਤੋਂ ਹੀ ਮਿਹਨਤੀ ਸੁਭਾਅ ਦੀ ਹੋਣ ਕਾਰਨ ਇਸ ਮੁਕਾਮ ਤੇ ਪਹੁੰਚੀ ਹੈ। ਪਰਿਵਾਰ ਵੀ ਆਪਣੀ ਧੀ ਤੇ ਮਾਣ ਮਹਿਸੂਸ ਕਰ ਰਿਹਾ ਹੈ। ਪਰਿਵਾਰ ਨੂੰ ਵਧਾਈਆਂ ਮਿਲ ਰਹੀਆਂ ਹਨ।