ਇਸ ਪਿੰਡ ਦੇ ਬੱਚੇ ਹਰ ਰੋਜ਼ ਮੋਤ ਦੇ ਮੂੰਹ ਵਿੱਚੋਂ ਲੰਘਕੇ ਪਹੁੰਚਦੇ ਨੇ ਸਕੂਲ

ਸਾਡੇ ਮੁਲਕ ਨੂੰ ਆਜ਼ਾਦ ਹੋਏ ਪੌਣੀ ਸਦੀ ਬੀਤ ਚੁੱਕੀ ਹੈ। ਇੰਨਾ ਸਮਾਂ ਗੁਜ਼ਰ ਜਾਣ ਤੋਂ ਬਾਅਦ ਵੀ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਨਹੀਂ ਹਨ। ਜਨਤਾ ਨੂੰ ਸੜਕਾਂ ਅਤੇ ਪੁਲ ਬਣਾ ਕੇ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਪਰ ਅਜੇ ਵੀ ਕਈ ਇਲਾਕਿਆਂ ਵਿੱਚ ਬਰਸਾਤ ਦੇ ਦਿਨਾਂ ਵਿੱਚ ਘਰ ਤੋਂ ਬਾਹਰ ਨਹੀਂ ਨਿਕਲਿਆ ਜਾ ਸਕਦਾ। ਅੱਜ ਅਸੀਂ ਗੱਲ ਕਰਦੇ ਹਾਂ ਹਰਿਆਣਾ ਦੇ ਜ਼ਿਲ੍ਹਾ ਪੰਚਕੂਲਾ ਦੇ ਮੋਰਨੀ ਬਲਾਕ ਦੀ।

ਇੱਥੇ ਬਬਾਦ, ਬਾਗ ਵਾਲੀ ਅਤੇ ਮਥਾਣਾ ਦੁਦਲਾ ਦੀ ਆਦਿ ਕਈ ਅਜਿਹੇ ਪਿੰਡ ਹਨ, ਜੋ ਬਰਸਾਤ ਦੇ ਦਿਨਾਂ ਵਿੱਚ ਆਪਣੇ ਆਪ ਨੂੰ ਦੂਸਰੇ ਇਲਾਕਿਆਂ ਨਾਲੋਂ ਅਲੱਗ ਮਹਿਸੂਸ ਕਰਦੇ ਹਨ। ਬਰਸਾਤ ਦੇ ਦਿਨਾਂ ਵਿੱਚ ਇੱਥੇ ਨਦੀ ਵਿੱਚ ਪਾਣੀ ਆ ਜਾਣ ਕਾਰਨ ਇਨ੍ਹਾਂ ਲੋਕਾਂ ਲਈ ਦੂਸਰੇ ਪਿੰਡਾਂ ਤੱਕ ਜਾਣਾ ਸੌਖਾ ਨਹੀਂ ਰਹਿੰਦਾ। ਸਭ ਤੋਂ ਜ਼ਿਆਦਾ ਕਸੂਤੀ ਸਥਿਤੀ ਬੱਚਿਆਂ ਲਈ ਬਣ ਜਾਂਦੀ ਹੈ। ਜਿਨ੍ਹਾਂ ਨੇ ਪੜ੍ਹਨ ਲਈ ਸਕੂਲ ਜਾਣਾ ਹੁੰਦਾ ਹੈ ਪਰ ਬਰਸਾਤੀ ਨਦੀ ਉਤੇ ਪੁਲ ਨਹੀਂ ਹੈ। ਬੱਚੇ ਨਦੀ ਵਿੱਚੋਂ ਲੰਘ ਕੇ ਸਕੂਲ ਜਾਂਦੇ ਹਨ। ਜਿੰਨੀ ਦੇਰ ਬੱਚੇ ਘਰ ਵਾਪਸ ਨਹੀਂ ਪਰਤ ਆਉਂਦੇ, ਉਨ੍ਹਾਂ ਦੇ ਮਾਤਾ ਪਿਤਾ ਦੇ ਦਿਲ ਤੇ ਜੋ ਬੀਤਦੀ ਹੈ ਇਸ ਬਾਰੇ ਉਹ ਹੀ ਜਾਣਦੇ ਹਨ।

ਕਈ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਚੁੱਕ ਕੇ ਨਦੀ ਪਾਰ ਕਰਵਾ ਕੇ ਸਕੂਲ ਭੇਜਦੇ ਹਨ। ਵਾਪਸੀ ਸਮੇਂ ਉਹ ਫੇਰ ਬੱਚਿਆਂ ਨੂੰ ਘਰ ਲਿਆਉਣ ਵਾਸਤੇ ਨਦੀ ਤੇ ਖੜ੍ਹੇ ਹੁੰਦੇ ਹਨ। ਜਿੰਨੀ ਦੇਰ ਉਨ੍ਹਾਂ ਦੇ ਬੱਚੇ ਘਰ ਨਹੀਂ ਪਹੁੰਚ ਜਾਂਦੇ, ਉਨ੍ਹਾਂ ਦੇ ਸਾਹ ਸੁੱਕੇ ਰਹਿੰਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਇਲਾਕਾ ਵਾਸੀਆਂ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਨਦੀ ਉਤੇ ਪੁਲ ਲਾਇਆ ਜਾਵੇ ਤਾਂ ਕਿ ਇਹ ਬੱਚੇ ਆਸਾਨੀ ਨਾਲ ਸਕੂਲ ਜਾ ਸਕਣ ਅਤੇ ਮਾਤਾ ਪਿਤਾ ਦਾ ਵੀ ਸਾਹ ਸੌਖਾ ਹੋਵੇ।

ਹਰ ਇਨਸਾਨ ਦੀਆਂ ਬਹੁਤ ਸਾਰੀਆਂ ਜ਼ਰੂਰਤਾਂ ਹਨ। ਜੋ ਕਿ ਇੱਕ ਥਾਂ ਤੋਂ ਹੀ ਪੂਰੀਆਂ ਨਹੀਂ ਹੋ ਸਕਦੀਆਂ। ਆਪਣੀਆਂ ਜ਼ਰੂਰਤਾਂ ਦੀ ਪੂਰਤੀ ਲਈ ਦੂਰ ਦੁਰਾਡੇ ਵੀ ਜਾਣਾ ਪੈਂਦਾ ਹੈ। ਇਹ ਤਾਂ ਹੀ ਸੰਭਵ ਹੈ ਜੇਕਰ ਸੜਕਾਂ ਅਤੇ ਪੁਲਾਂ ਦੀ ਸਹੂਲਤ ਹੋਵੇਗੀ।