ਐੱਨ ਆਰ ਆਈ ਨੇ ਝੁੱਗੀਆਂ ਚ ਰਹਿੰਦੀ ਕੁੜੀ ਨਾਲ ਕੀਤਾ ਵਿਆਹ, ਗਰੀਬ ਕੁੜੀ ਨੇ ਖਿੱਚੀ ਕੈਨੇਡਾ ਜਾਣ ਦੀ ਤਿਆਰੀ

ਬਰਨਾਲਾ ਜਿਲ੍ਹਾ ਦੇ ਹਲਕਾ ਭਦੌੜ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਕਹੋਗੇ ਕਿ  ਇਨਸਾਨੀਅਤ ਅੱਜ ਵੀ ਜ਼ਿੰਦਾ ਹੈ। ਭਦੌੜ ਵਿਖੇ ਝੁੱਗੀਆਂ ਵਿੱਚ ਰਹਿਣ ਵਾਲੀ ਮਨਜੀਤ ਕੌਰ ਬੈਡਮਿੰਟਨ ਦੀ ਇੰਟਰਨੈਸ਼ਨਲ ਖਿਡਾਰਨ, 2009 ਵਿੱਚ ਬਿਮਾਰ ਹੋਣ ਕਾਰਨ ਮੰਜੇ ਉੱਤੇ ਹੀ ਪੈ ਗਈ ਸੀ। ਜਿਸ ਨੇ ਘਰ ਤੋਂ ਬਾਹਰ ਜਾਣ ਦੀ ਉਮੀਦ ਹੀ ਛੱਡ ਦਿੱਤੀ ਸੀ। ਇਸ ਲਈ ਉਸ ਦੇ ਇਲਾਜ ਲਈ ਬਹੁਤ ਸਾਰੇ ਲੋਕਾਂ ਨੇ ਮਦਦ ਕੀਤੀ।

ਇਸੇ ਤਰਾਂ ਮਨਜੀਤ ਦੀ ਮੱਦਦ ਲਈ ਕੈਨੇਡਾ ਵਿੱਚ ਵਸਦੇ ਇੱਕ ਵਿਅਕਤੀ ਮਹਿੰਦਰ ਸਿੰਘ ਭੁੱਲਰ ਨੇ ਉਸ ਨਾਲ ਵਿਆਹ ਕਰਵਾਇਆ ਅਤੇ ਹੁਣ 2 ਸਾਲ ਬਾਅਦ ਮਨਜੀਤ ਦਾ ਵੀਜ਼ਾ ਆ ਗਿਆ ਹੈ। ਜਿਸ ਕਾਰਨ ਉਸ ਦੇ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਮਨਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2009 ਵਿੱਚ ਉਨ੍ਹਾਂ ਦੀ ਹਾਲਤ ਠੀਕ ਨਹੀਂ ਸੀ। ਜਿਸ ਕਾਰਨ ਉਨ੍ਹਾਂ ਦੀਆਂ ਲੱਤਾਂ-ਬਾਹਾਂ ਨੇ ਕੰਮ ਕਰਨਾ ਛੱਡ ਦਿੱਤਾ ਸੀ। ਉਨ੍ਹਾਂ ਦੀ ਇਸ ਹਾਲਤ ਦੀਆਂ ਖਬਰਾਂ ਕੈਨੇਡਾ ਵਿੱਚ ਬੈਠੇ ਮਹਿੰਦਰ ਪਾਲ ਭੁੱਲਰ ਤੱਕ ਵੀ ਪਹੁੰਚੀਆਂ।

ਉਹ ਖ਼ਬਰਾਂ ਦੇਖ ਕੇ ਮਹਿੰਦਰ ਪਾਲ ਨੇ ਉਨ੍ਹਾਂ ਨਾਲ 2019 ਵਿੱਚ ਗੱਲਬਾਤ ਕੀਤੀ। ਜਿਸ ਤੋਂ ਬਾਅਦ 2020 ਦੀ 12 ਜਨਵਰੀ ਨੂੰ ਉਨ੍ਹਾਂ ਦਾ ਵਿਆਹ ਮਹਿੰਦਰ ਪਾਲ ਭੁੱਲਰ ਨਾਲ ਹੋਇਆ। ਮਨਜੀਤ ਕੌਰ ਨੇ ਦੱਸਿਆ ਕਿ ਮਹਿੰਦਰਪਾਲ ਦਾ ਪਿਛੋਕੜ ਬਠਿੰਡਾ ਜ਼ਿਲ੍ਹਾ ਪਿੰਡ ਟਪਾਲੀ ਹੈ ਪਰ ਉਹ ਕੈਨੇਡਾ ਵਿੱਚ ਖੇਤੀਬਾੜੀ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮਹਿੰਦਰਪਾਲ ਨੇ ਪਹਿਲਾਂ ਉਨ੍ਹਾਂ ਦੇ ਪਰਿਵਾਰ ਤੋ ਵਿਆਹ ਦੀ ਮਨਜ਼ੂਰੀ ਲਈ ਸੀ। ਉਨ੍ਹਾਂ ਦੇ ਪਰਿਵਾਰਿਕ ਮੈਂਬਰ ਬਹੁਤ ਹੀ ਜ਼ਿਆਦਾ ਖੁਸ਼ ਹਨ

ਕਿਉਕਿ ਉਨ੍ਹਾਂ ਦੇ ਭਾਈਚਾਰੇ ਵਿਚੋਂ ਉਹ ਪਹਿਲੀ ਲੜਕੀ ਹੈ, ਜੋ ਪਹਿਲੀ ਵਾਰ ਬਾਹਰਲੇ ਮੁਲਕ ਜਾ ਰਹੀ ਹੈ। ਮਹਿੰਦਰ ਪਾਲ ਭੁੱਲਰ ਦੇ ਭਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਮਹਿੰਦਰ ਪਾਲ ਨੇ ਲੜਕੀ ਦਾ ਅਖ਼ਬਾਰ ਵਿੱਚ ਇੱਕ ਆਰਟੀਕਲ ਦੇਖਿਆ ਸੀ। ਜਿਸ ਤੋਂ ਬਾਅਦ ਉਸ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਕਿ ਉਹ ਇੰਟਰਨੈਸ਼ਨਲ ਖਿਡਾਰਨ ਮਨਜੀਤ ਦੀ ਮੱਦਦ ਕਰਨਾ ਚਾਹੁੰਦਾ ਹੈ ਅਤੇ ਉਸ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਮਹਿੰਦਰਪਾਲ ਨੇ ਜਾਤ-ਪਾਤ ਤੋਂ ਉੱਪਰ ਉੱਠ ਕੇ ਬਹੁਤ ਹੀ ਚੰਗਾ ਕੰਮ ਕੀਤਾ।