ਕਪੂਰਥਲਾ ਦੇ ਸੈਨਿਕ ਸਕੂਲ ਨੂੰ ਮੁੜ ਸੁਰਜੀਤ ਕਰੇਗੀ ਪੰਜਾਬ ਸਰਕਾਰ

ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋ ਇਕ ਹੋਰ ਫੈਸਲਾ ਲਿਆ ਗਿਆ ਹੈ। ਜਿਸ ਵਿੱਚ ਸਰਕਾਰ ਵੱਲੋਂ ਸੈਨਿਕ ਸਕੂਲ ਕਪੂਰਥਲਾ ਦੀ ਦੇਖਭਾਲ ਕੀਤੀ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਰੱਖਿਆ ਸੇਵਾਵਾਂ ਭਲਾਈ ਮੰਤਰੀ ਫ਼ੌਜਾ ਸਿੰਘ ਵੱਲੋਂ ਇੱਕ ਪ੍ਰੈੱਸ ਰਾਹੀਂ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੀ ਇਸ ਵੱਕਾਰੀ ਸੰਸਥਾ ਨੂੰ ਪਿਛਲੇ ਸਮੇਂ ਵਿੱਚ ਅੱਖੋਂ ਪ੍ਰੋਖੇ ਕੀਤਾ ਗਿਆ ਸੀ ਪਰ ਹੁਣ ਰਾਜ ਸਰਕਾਰ ਸੈਨਿਕ ਸਕੂਲ ਦੀ ਸ਼ਾਨ ਬਹਾਲ ਕਰਨ ਲਈ ਵਚਨਬੱਧ ਹੈ ਅਤੇ ਜਿਸ ਮਕਸਦ ਲਈ ਇਹ ਸੰਸਥਾ ਬਣਾਈ ਗਈ ਸੀ, ਉਸ ਨੂੰ ਪੂਰਾ ਵੀ ਕਰੇਗੀ।

ਮਿਲੀ ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਵੱਲੋਂ ਕਿਹਾ ਗਿਆ ਕਿ ਮੁੱਖ ਮੰਤਰੀ ਸੈਨਿਕ ਸਕੂਲ ਦੀਆਂ ਹਰ ਤਰ੍ਹਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਦਿਲਚਸਪੀ ਲੈ ਰਹੇ ਹਨ। ਇਸ ਕਰਕੇ ਮੁੱਖ ਮੰਤਰੀ ਵੱਲੋਂ ਉਹਨਾਂ ਦੇ ਵਿਭਾਗ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ, ਇਸ ਸੰਸਥਾ ਦਾ ਖਾਸ ਖਿਆਲ ਰੱਖਿਆ ਜਾਵੇ ਤਾਂ ਜੋ ਇੱਥੇ ਪੜ੍ਹਨ ਵਾਲੇ ਵਿਦਿਆਰਥੀ ਮਿਆਰੀ ਸਿੱਖਿਆ ਪ੍ਰਦਾਨ ਕਰ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਵਿਦਿਆਰਥੀਆਂ ਦੀ ਸਿੱਖਿਆ ਦਾ ਖਾਸ ਧਿਆਨ ਰੱਖਿਆ ਜਾਵੇ, ਕਿਉਂਕਿ ਪਹਿਲਾਂ ਵੀ ਸੈਨਿਕ ਸਕੂਲ ਨੇ ਕਈ ਮਹਾਨ ਸ਼ਖਸੀਅਤਾਂ ਨੂੰ ਪੈਦਾ ਕੀਤਾ ਹੈ।

ਕੈਬਨਿਟ ਮੰਤਰੀ ਵੱਲੋਂ ਇਹ ਵੀ ਦੱਸਿਆ ਗਿਆ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਸਕੂਲ ਦੇ ਕੰਮਕਾਜ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਸਕੂਲ ਦੀ ਇਮਾਰਤ ਨੂੰ ਸਹੀ ਕਰਨ ਲਈ ਫੰਡ ਵੀ ਜਾਰੀ ਕਰਨ ਲਈ ਕਿਹਾ ਗਿਆ ਸੀ। ਫੌਜਾ ਸਿੰਘ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਕਿਹਾ ਹੈ ਕਿ ਸੈਨਿਕ ਸਕੂਲ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਵਜੀਫੇ ਮੁਹਈਆ ਕਰਵਾਉਣ ਲਈ ਫੰਡ ਜਾਰੀ ਕੀਤਾ ਜਾਵੇ।