ਕਲਯੁੱਗੀ ਔਲਾਦ ਨਾ ਦੇਵੇ ਰੱਬ ਕਿਸੇ ਨੂੰ, ਆਪਣੇ ਹੀ ਪਿਓ ਦੀ ਲੈ ਲਈ ਜਾਨ

ਅੰਮ੍ਰਿਤਸਰ ਦੇ ਥਾਣਾ ਤਰਸਿੱਕਾ ਦੀ ਪੁਲਿਸ ਨੇ ਪਿਛਲੇ ਦਿਨੀਂ ਮਿਲੀ ਨਾਮਾਲੂਮ ਵਿਅਕਤੀ ਦੀ ਮ੍ਰਿਤਕ ਦੇਹ ਦਾ ਪਤਾ ਲਗਾ ਕੇ ਇਸ ਲਈ ਜ਼ਿੰਮੇਵਾਰ ਵਿਅਕਤੀ ਨੂੰ ਵੀ ਕਾਬੂ ਕਰ ਲਿਆ ਹੈ। ਇਸ ਮਾਮਲੇ ਲਈ ਜ਼ਿੰਮੇਵਾਰ ਕੋਈ ਹੋਰ ਨਹੀਂ ਸਗੋਂ ਮ੍ਰਿਤਕ ਦਾ ਪੁੱਤਰ ਹੀ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਹੈ ਕਿ ਪਿਛਲੇ ਦਿਨੀਂ ਪੁਲਿਸ ਨੂੰ ਇਕ ਮ੍ਰਿਤਕ ਦੇਹ ਬਰਾਮਦ ਹੋਈ ਸੀ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਪਾਉਣ ਤੋਂ ਬਾਅਦ

ਉਸ ਦੀ ਪਛਾਣ ਜੰਡਿਆਲਾ ਵਾਲਾ ਦੇ ਹਰਬੰਸ ਸਿੰਘ ਵਜੋਂ ਹੋਈ ਸੀ। ਜਿਸ ਕਰਕੇ ਪੁਲਿਸ ਨੇ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ ਤੇ ਥਾਣਾ ਤਰਸਿੱਕਾ ਵਿੱਚ 302 ਦਾ ਮਾਮਲਾ ਦਰਜ ਕਰ ਲਿਆ ਸੀ। ਇਸ ਤੋਂ ਬਾਅਦ ਫਾਰੈਂਸਿਕ ਟੀਮ, ਸੀ.ਸੀ.ਟੀ.ਵੀ ਅਤੇ ਹੋਰ ਤਰੀਕਿਆਂ ਨਾਲ ਕੀਤੀ ਗਈ ਜਾਂਚ ਤੋਂ ਪਤਾ ਲੱਗਾ ਕਿ ਮ੍ਰਿਤਕ ਦੇ ਪੁੱਤਰ ਨੇ ਹੀ ਘਟਨਾ ਨੂੰ ਅੰਜਾਮ ਦਿੱਤਾ ਹੈ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮ੍ਰਿਤਕ ਦਾ ਪੁੱਤਰ ਸਤਨਾਮ ਸਿੰਘ ਅਮਲ ਦੀ ਵਰਤੋਂ ਦਾ ਆਦੀ ਹੈ।

ਉਹ ਕੰਮ ਵੀ ਨਹੀਂ ਕਰਦਾ। ਉਸ ਦਾ ਪਿਤਾ ਹਰਬੰਸ ਸਿੰਘ ਪੰਜਾਬ ਸਕੱਤਰੇਤ ਤੋਂ ਸੇਵਾਦਾਰ ਦੀ ਅਸਾਮੀ ਤੋਂ ਸੇਵਾਮੁਕਤ ਹੋਇਆ ਸੀ। ਪਿਤਾ ਆਪਣੇ ਪੁੱਤਰ ਨੂੰ ਟੋਕਦਾ ਰਹਿੰਦਾ ਸੀ। ਜਿਸ ਕਰਕੇ ਘਰ ਵਿੱਚ ਬਹਿਸ ਹੋ ਜਾਂਦੀ ਸੀ। ਇਸ ਦੇ ਚੱਲਦੇ ਹੀ ਪੁੱਤਰ ਨੇ ਇਹ ਕੰਮ ਕਰ ਦਿੱਤਾ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੁਲੀਸ ਤੋਂ ਬਚਣ ਲਈ ਸਤਨਾਮ ਸਿੰਘ ਟਰੇਨ ਤੇ ਦੌੜ ਗਿਆ ਸੀ। ਜਿਸ ਨੂੰ ਫੜਨ ਲਈ ਉਨ੍ਹਾਂ ਨੂੰ ਜੀ.ਆਰ.ਪੀ ਦੀ ਮੱਦਦ ਲੈਣੀ ਪਈ। ਉਨ੍ਹਾਂ ਨੇ ਸਤਨਾਮ ਸਿੰਘ ਦੀਆਂ ਫੋਟੋਆਂ ਵੀ ਜੀ.ਆਰ.ਪੀ ਨਾਲ ਸਾਂਝੀਆਂ ਕੀਤੀਆਂ।

ਜਦੋਂ ਟਰੇਨ ਬਿਆਸ ਪਹੁੰਚੀ ਤਾਂ ਉਸ ਨੂੰ ਕਾਬੂ ਕਰ ਲਿਆ ਗਿਆ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਸਤਨਾਮ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਹੈ ਕਿ ਉਸ ਨੇ ਆਪਣੇ ਪਿਤਾ ਨੂੰ ਧੱਕਾ ਦਿੱਤਾ ਸੀ। ਉਸ ਤੋਂ ਬਾਅਦ ਹਰਬੰਸ ਸਿੰਘ ਉਠ ਨਹੀਂ ਸਕਿਆ ਪਰ ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਸਤਨਾਮ ਸਿੰਘ ਨੇ ਹਰਬੰਸ ਸਿੰਘ ਦੀ ਗਰਦਨ ਨੂੰ ਖਾਲ ਦੇ ਪਾਣੀ ਵਿਚ ਡੋਬਿਆ ਹੈ। ਸਤਨਾਮ ਸਿੰਘ ਤੋਂ ਪੁੱਛ ਗਿੱਛ ਅਜੇ ਜਾਰੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ