ਕੁਵੈਤ ਚ ਫਸੀਆਂ ਪੰਜਾਬ ਦੀਆਂ 2 ਧੀਆਂ, ਵੀਡੀਓ ਰਾਹੀਂ ਮੰਗੀ ਸਰਕਾਰ ਤੋਂ ਮਦਦ

ਅੱਜ ਕੱਲ ਨੌਜਵਾਨ ਮੁੰਡੇ-ਕੁੜੀਆਂ ਵਿੱਚ ਬਾਹਰਲੇ ਮੁਲਕ ਜਾਣ ਦੀ ਇੱਛਾ ਬਹੁਤ ਵਧ ਗਈ ਹੈ। ਕੁੱਝ ਲੋਕ ਤਾਂ ਘਰ ਦੀ ਗਰੀਬੀ ਕਾਰਨ ਬਾਹਰਲੇ ਮੁਲਕਾਂ ਦਾ ਰੁੱਖ ਕਰਦੇ ਹਨ ਅਤੇ ਕੁਝ ਲੋਕਾਂ ਦੀ ਦੇਖਾ ਦੇਖੀ ਵਿੱਚ ਆ ਕੇ ਬਾਹਰ ਜਾਣ ਦਾ ਮਨ ਬਣਾ ਲੈਂਦੇ ਹਨ। ਇਸੇ ਤਰ੍ਹਾਂ ਬਾਹਰਲੇ ਮੁਲਕ ਗਏ ਨੌਜਵਾਨ ਕਈ ਵਾਰ ਅਜਿਹੇ ਏਜੰਟਾਂ ਕੋਲ ਫਸ ਜਾਂਦੇ ਹਨ, ਜਿਥੋਂ ਨਿਕਲਣਾ ਵੀ ਔਖਾ ਹੋ ਜਾਂਦਾ ਹੈ, ਕਿਉੰਕਿ ਕੁੱਝ ਸ਼ਾਤਰ ਲੋਕ ਕੰਮਕਾਰ ਕਰਨ ਗਏ ਨੌਜਵਾਨਾਂ ਦੀ ਮਜ਼ਬੂਰੀ ਦਾ ਫਾਇਦਾ ਚੁਕਦੇ ਹਨ। ਇਸ ਕਰਕੇ ਨੌਜਵਾਨ ਮੁੰਡੇ ਕੁੜੀਆਂ ਉੱਧਰ ਹੀ ਫਸ ਕੇ ਹੀ ਰਹਿ ਜਾਂਦੇ ਹਨ।

ਅਜਿਹਾ ਹੀ ਇੱਕ ਮਾਮਲਾ ਕੁਵੈਤ ਤੋਂ ਸਾਹਮਣੇ ਆਇਆ ਹੈ, ਜਿੱਥੇ ਕੰਮਕਾਰ ਲਈ ਗਈਆਂ 2 ਲੜਕੀਆਂ ਅਜਿਹੇ ਹੀ ਸ਼ਾਤਰ ਲੋਕਾਂ ਕੋਲ ਫਸ ਗਈਆਂ ਹਨ। ਜਿਨ੍ਹਾਂ ਵੱਲੋਂ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਅਤੇ ਪੰਜਾਬ ਸਰਕਾਰ ਨੂੰ ਮਦਦ ਗੁਹਾਰ ਲਗਾਈ ਜਾ ਰਹੀ ਹੈ। ਲੜਕੀਆਂ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ, ਜਿਸ ਵਿੱਚ ਲੜਕੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਕੁਵੈਤ ਵਿੱਚ ਏਜੰਟ ਕੋਲ ਫਸੀਆਂ ਹੋਈਆਂ ਹਨ, ਜੋ ਉਨ੍ਹਾਂ ਕੋਲੋਂ ਪੈਸਿਆਂ ਦੀ ਮੰਗ ਕਰ ਰਹੇ ਹਨ ਅਤੇ ਉਨ੍ਹਾਂ ਨਾਲ ਖਿੱਚ-ਧੂਹ ਵੀ ਕੀਤੀ ਜਾਂਦੀ ਹੈ।

ਲੜਕੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਵੀਜ਼ੇ ਵੀ ਖ਼ਤਮ ਹੋ ਚੁੱਕੇ ਹਨ। ਉਨ੍ਹਾਂ ਨੂੰ ਉੱਚੀ ਮੰਜ਼ਿਲ ਵਿਚ ਬਿਠਾਇਆ ਹੋਇਆ ਹੈ। ਉਨ੍ਹਾਂ ਨੂੰ ਬਾਹਰ ਵੀ ਨਹੀਂ ਨਿਕਲਣ ਦਿੱਤਾ ਜਾਂਦਾ ਅਤੇ ਨਾ ਹੀ ਕੁਝ ਖਾਣ ਨੂੰ ਦਿੱਤਾ ਜਾਂਦਾ ਹੈ। ਉਨ੍ਹਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਉਥੋਂ ਬਾਹਰ ਨਹੀਂ ਕਢਵਾਇਆ ਗਿਆ ਤਾਂ ਉਹ ਆਪਣੀ ਜਾਨ ਦੇ ਦੇਣਗੀਆਂ। ਉਨ੍ਹਾਂ ਵੱਲੋਂ ਵੱਧ ਤੋਂ ਵੱਧ ਲੋਕਾਂ ਨੂੰ ਅਤੇ ਪੰਜਾਬ ਸਰਕਾਰ ਨੂੰ ਮੱਦਦ ਲਈ ਗੁਹਾਰ ਲਗਾਈ ਜਾ ਰਹੀ ਹੈ।