ਕੈਲਸ਼ੀਅਮ ਦੀ ਘਾਟ ਨਾਲ ਚੇਹਰੇ ਤੇ ਪੈ ਜਾਂਦੇ ਨੇ ਦਾਗ

ਅੱਜ ਅਸੀਂ ਗੱਲ ਕਰ ਰਹੇ ਹਾਂ ਸਾਡੇ ਸਰੀਰ ਲਈ ਇਕ ਬਹੁਤ ਹੀ ਮਹੱਤਵਪੂਰਨ ਖਣਿਜ ਤੱਤ ਕੈਲਸ਼ੀਅਮ ਦੀ। ਜੇਕਰ ਇਹ ਕਿਹਾ ਜਾਵੇ ਕਿ ਸਾਡੇ ਸਰੀਰਕ ਢਾਂਚੇ ਨੂੰ ਸਿੱਧਾ ਖੜ੍ਹਾ ਰੱਖਣ ਵਿੱਚ ਇਸ ਦੀ ਮਹੱਤਵਪੂਰਨ ਭੂਮਿਕਾ ਹੈ ਤਾਂ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕੈਲਸ਼ੀਅਮ ਸਾਡੇ ਸਰੀਰ ਦੀਆਂ ਹੱਡੀਆਂ ਅਤੇ ਦੰਦਾਂ ਲਈ ਬਹੁਤ ਜ਼ਿਆਦਾ ਲੋੜੀਂਦਾ ਹੈ। ਇਸ ਦੀ ਘਾਟ ਕਾਰਨ ਦੰਦ ਅਤੇ ਹੱਡੀਆਂ ਕਮਜ਼ੋਰ ਹੋ ਜਾਂਦੇ ਹਨ। ਜੇਕਰ ਦੰਦ ਨਾ ਰਹੇ ਤਾਂ ਇਨਸਾਨ ਖਾਣਾ ਖਾਣ ਦੇ ਯੋਗ ਨਹੀਂ ਰਹਿੰਦਾ।

ਜਿਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੈਲਸ਼ੀਅਮ ਦੀ ਸਾਡੇ ਸਰੀਰ ਲਈ ਕੀ ਮਹੱਤਤਾ ਹੈ? ਸਾਡੇ ਸਰੀਰ ਵਿੱਚ ਲਗਭਗ 99 ਫ਼ੀਸਦੀ ਕੈਲਸ਼ੀਅਮ ਹੱਡੀਆਂ ਵਿੱਚ ਹੀ ਪਾਇਆ ਜਾਂਦਾ ਹੈ। 19 ਤੋਂ 50 ਸਾਲ ਦੀਆਂ ਔਰਤਾਂ ਨੂੰ ਰੋਜ਼ਾਨਾ 1000 ਮਿਲੀਗ੍ਰਾਮ ਕੈਲਸ਼ੀਅਮ ਦੀ ਜ਼ਰੂਰਤ ਹੈ। ਜੇਕਰ ਮਰਦਾਂ ਦੀ ਗੱਲ ਕੀਤੀ ਜਾਵੇ ਤਾਂ 19 ਤੋਂ 70 ਸਾਲ ਦੇ ਮਰਦਾਂ ਨੂੰ 1000 ਤੋਂ 1200 ਮਿਲੀਗ੍ਰਾਮ ਕੈਲਸ਼ੀਅਮ ਰੋਜ਼ਾਨਾ ਮਿਲਣੀ ਚਾਹੀਦੀ ਹੈ।

ਕੈਲਸ਼ੀਅਮ ਦੀ ਪੂਰਤੀ ਲਈ ਸਾਨੂੰ ਫਲ, ਹਰੀਆਂ ਸਬਜ਼ੀਆਂ, ਫਲੀਆਂ, ਬਦਾਮ, ਸੋਇਆ, ਪਨੀਰ, ਦੁੱਧ ਸੰਤਰੇ ਦਾ ਰਸ, ਸ਼ਲਗਮ, ਪਾਲਕ ਅਤੇ ਸਰ੍ਹੋਂ ਆਦਿ ਵਰਤੋਂ ਕਰਨੀ ਚਾਹੀਦੀ ਹੈ। ਇਨ੍ਹਾਂ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਸਰੀਰਕ ਤੰਦਰੁਸਤੀ ਲਈ ਕੈਲਸ਼ੀਅਮ ਦੀ ਵਰਤੋਂ ਜ਼ਰੂਰੀ ਹੈ। ਜੇਕਰ ਫੇਰ ਵੀ ਕੈਲਸ਼ੀਅਮ ਦੀ ਕਮੀ ਹੋ ਜਾਵੇ ਤਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਕਈ ਵਾਰ ਕੈਲਸ਼ੀਅਮ ਦੀ ਘਾਟ ਕਾਰਨ ਸਰੀਰ ਉਤੇ ਸਫ਼ੈਦ ਰੰਗ ਦੇ ਧੱਬੇ ਵੀ ਪੈ ਜਾਂਦੇ ਹਨ।