ਖਾਣ ਵਾਲੇ ਤੇਲ ਦੀਆਂ ਕੀਮਤਾਂ ਚ ਹੋਵੇਗੀ ਕਮੀ

ਪਿਛਲੇ ਕੁਝ ਮਹੀਨਿਆਂ ਤੋਂ ਖਾਣ ਵਾਲੇ ਤੇਲ ਦੇ ਰੇਟ ਅਸਮਾਨ ਛੂਹ ਰਹੇ ਹਨ। ਮਹਿੰਗਾਈ ਕਾਰਨ ਲੋਕ ਤ੍ਰਾਹ ਤ੍ਰਾਹ ਕਰ ਰਹੇ ਹਨ। ਖਪਤਕਾਰ ਵਿਭਾਗ ਮੁਤਾਬਕ ਇਸ ਸਮੇਂ ਪਾਮ ਰਿਫਾਇੰਡ ਤੇਲ ਦੀ ਕੀਮਤ 144.16 ਰੁਪਏ ਪ੍ਰਤੀ ਲਿਟਰ, ਸੂਰਜਮੁਖੀ ਅਤੇ ਸੋਇਆਬੀਨ ਦੇ ਤੇਲ ਦੀ ਕੀਮਤ 185.77 ਰੁਪਏ ਪ੍ਰਤੀ ਲਿਟਰ, ਸਰ੍ਹੋਂ ਦੇ ਤੇਲ ਅਤੇ ਮੂੰਗਫਲੀ ਦੇ ਤੇਲ ਦੀ ਕੀਮਤ 177.37 ਰੁਪਏ ਪ੍ਰਤੀ ਲਿਟਰ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ 10-15 ਰੁਪਏ ਪ੍ਰਤੀ ਲਿਟਰ ਗਿਰਾਵਟ ਆਉਣ ਤੋਂ ਬਆਦ ਕੀਮਤਾਂ ਇਸ ਪੱਧਰ ਤੇ ਆਈਆਂ ਹਨ।

ਹੁਣ ਉਮੀਦ ਕੀਤੀ ਜਾਂਦੀ ਹੈ ਕਿ ਅਗਲੇ ਹਫ਼ਤੇ ਤੱਕ ਇਨ੍ਹਾਂ ਕੀਮਤਾਂ ਵਿਚ 10 ਰੁਪਏ ਪ੍ਰਤੀ ਲੀਟਰ ਦੀ ਹੋਰ ਕਮੀ ਆਵੇਗੀ। ਅਜਿਹਾ ਖਾਣ ਵਾਲੀਆਂ ਤੇਲ ਕੰਪਨੀਆਂ ਦੁਆਰਾ ਇੱਕ ਮੀਟਿੰਗ ਦੌਰਾਨ ਖੁਰਾਕ ਸਕੱਤਰ ਨੂੰ ਭਰੋਸਾ ਦਿੱਤਾ ਗਿਆ ਹੈ। ਪਿਛਲੇ ਸਮੇਂ ਦੌਰਾਨ ਗਲੋਬਲ ਬਾਜ਼ਾਰ ਵਿੱਚ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਧਣ ਕਾਰਨ ਸਾਡੇ ਮੁਲਕ ਵਿੱਚ ਵੀ ਇਹ ਕੀਮਤਾਂ ਵਧ ਗਈਆਂ ਸਨ। ਹੁਣ ਗਲੋਬਲ ਬਾਜ਼ਾਰ ਵਿੱਚ ਭਾਵੇਂ ਕੀਮਤਾਂ ਘਟੀਆਂ ਹਨ ਪਰ ਸਾਡੇ ਮੁਲਕ ਵਿੱਚ ਉਸ ਹਿਸਾਬ ਨਾਲ ਖਾਣ ਵਾਲੇ ਤੇਲ ਦੇ ਰੇਟ ਨਹੀਂ ਘਟੇ।

ਜਿਸ ਕਰਕੇ ਖੁਰਾਕ ਸਕੱਤਰ ਵੱਲੋਂ ਇਨ੍ਹਾਂ ਕੰਪਨੀਆਂ ਨਾਲ ਬੈਠਕ ਕੀਤੀ ਗਈ। ਖੁਰਾਕ ਸਕੱਤਰ ਨੇ ਦਲੀਲ ਸੀ ਕਿ ਜਦੋਂ ਗਲੋਬਲ ਬਾਜ਼ਾਰ ਵਿੱਚ ਖਾਣ ਵਾਲੇ ਤੇਲ ਦੀਆਂ ਕੀਮਤਾਂ ਘਟੀਆਂ ਹਨ ਤਾਂ ਇੱਥੇ ਵੀ ਕੀਮਤਾਂ ਵਿਚ ਕਮੀ ਹੋਣੀ ਚਾਹੀਦੀ ਹੈ। ਇਹ ਲਾਭ ਪਰਚੂਨ ਦੇ ਖਰੀਦਦਾਰਾਂ ਨੂੰ ਵੀ ਮਿਲਣਾ ਚਾਹੀਦਾ ਹੈ। ਉਨ੍ਹਾਂ ਦੀ ਦੂਜੀ ਦਲੀਲ ਇਹ ਸੀ ਕਿ ਜਦੋਂ ਜੀ ਐੱਸ ਟੀ ਪੂਰੇ ਮੁਲਕ ਵਿਚ ਇਕ ਸਮਾਨ ਹੈ ਤਾਂ ਖਾਣ ਵਾਲੇ ਤੇਲ ਦੇ ਰੇਟ ਵੀ ਪੂਰੇ ਮੁਲਕ ਵਿੱਚ ਇੱਕ ਸਮਾਨ ਹੋਣੇ ਚਾਹੀਦੇ ਹਨ।

ਇਨ੍ਹਾਂ ਕੰਪਨੀਆਂ ਨੇ ਅਗਲੇ ਹਫ਼ਤੇ ਤੱਕ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿਚ 10 ਰੁਪਏ ਪ੍ਰਤੀ ਲੀਟਰ ਦੀ ਕਮੀ ਕਰਨ ਦਾ ਭਰੋਸਾ ਦਿੱਤਾ ਹੈ। ਇਹ ਮੁੱਦਾ ਵੀ ਉੱਠ ਰਿਹਾ ਹੈ ਕਿ ਕਈ ਕੰਪਨੀਆਂ ਪੈਕਿੰਗ ਉੱਤੇ ਖਾਣ ਵਾਲੇ ਤੇਲ ਦਾ ਵਜ਼ਨ 910 ਗ੍ਰਾਮ ਲਿਖਦੀਆਂ ਹਨ ਪਰ ਅਸਲ ਵਿੱਚ ਇਹ ਵਜ਼ਨ 900 ਗ੍ਰਾਮ ਤੋਂ ਵੀ ਘੱਟ ਹੁੰਦਾ ਹੈ। ਹੁਣ ਦੇਖਦੇ ਹਾਂ ਕਿ ਖਪਤਕਾਰਾਂ ਨੂੰ ਇਹ ਰਾਹਤ ਕਦੋਂ ਮਿਲਦੀ ਹੈ?