ਚਲਾਨ ਹੋਣ ਤੇ ਆਪੇ ਤੋਂ ਬਾਹਰ ਹੋਇਆ ਸਕੂਟਰੀ ਵਾਲਾ, ਪੁਲਿਸ ਵਾਲਿਆਂ ਦੀ ਫਾੜ ਦਿੱਤੀ ਚਲਾਨ ਬੁੱਕ

ਇਹ ਖ਼ਬਰ ਬਠਿੰਡਾ ਤੋਂ ਹੈ, ਜਿੱਥੇ ਟ੍ਰੈਫਿਕ ਪੁਲਿਸ ਦੁਆਰਾ ਚਲਾਨ ਕੀਤੇ ਜਾਣ ਤੋਂ ਬਾਅਦ ਇਕ ਵਿਅਕਤੀ ਆਪੇ ਤੋਂ ਬਾਹਰ ਹੋ ਕੇ ਪੁਲਿਸ ਅਧਿਕਾਰੀਆਂ ਨਾਲ ਹੀ ਉਲਝ ਗਿਆ। ਇੱਥੇ ਹੀ ਬੱਸ ਨਹੀਂ, ਉਸ ਨੇ ਟ੍ਰੈਫਿਕ ਪੁਲਿਸ ਦੀ ਚਲਾਨ ਬੁੱਕ ਤੱਕ ਫਾੜ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਇਕ ਵਿਅਕਤੀ, ਜੋ ਬਠਿੰਡਾ ਦੇ ਨੇੜਲੇ ਕਿਸੇ ਪਿੰਡ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ, ਐਕਟਿਵਾ ਤੇ ਸਵਾਰ ਹੋ ਕੇ ਸ਼ਹਿਰ ਆਇਆ। ਅੱਗੇ ਪੁਲਿਸ ਦਾ ਨਾਕਾ ਲੱਗਾ ਸੀ। ਉਸ ਨੂੰ ਉਲਟ ਦਿਸ਼ਾ ਵਿੱਚ ਆਉਂਦਾ ਦੇਖ ਪੁਲਿਸ ਨੇ ਰੋਕ ਲਿਆ।

ਅਧਿਕਾਰੀਆਂ ਨੇ ਉਸ ਦਾ ਚਲਾਨ ਕਰਨ ਲਈ ਉਸ ਤੋਂ ਉਸ ਦਾ ਡਰਾਈਵਿੰਗ ਲਾਇਸੈਂਸ ਲੈ ਲਿਆ। ਇਸ ਦੌਰਾਨ ਹੀ ਇਹ ਵਿਅਕਤੀ ਉੱਥੋਂ ਭੱਜ ਗਿਆ। ਦੁਬਾਰਾ ਇਹ ਵਿਅਕਤੀ ਪੁਲਿਸ ਮੁਲਾਜ਼ਮਾਂ ਨਾਲ ਉਲਝ ਗਿਆ। ਉਸ ਨੇ ਆਪੇ ਤੋਂ ਬਾਹਰ ਹੋ ਕੇ ਪੁਲਿਸ ਦੀ ਚਲਾਨ ਬੁੱਕ ਤੱਕ ਫਾੜ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਫੜ ਲਿਆ। ਪੁਲਿਸ ਦੁਆਰਾ ਉਸ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਉਸ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ, ਚਲਾਨ ਬੁੱਕ ਫਾੜਨ ਅਤੇ ਪੁਲਿਸ ਅਧਿਕਾਰੀਆਂ ਦੀ ਡਿਊਟੀ ਵਿਚ ਵਿਘਨ ਪਾਉਣ ਦੇ ਦੋਸ਼ ਲਗਾਏ ਜਾ ਰਹੇ ਹਨ।

ਇੱਥੇ ਦੱਸਣਾ ਬਣਦਾ ਹੈ ਕਿ ਸੜਕ ਤੇ ਵਾਹਨ ਚਲਾਉਣ ਅਤੇ ਪੈਦਲ ਚੱਲਣ ਲਈ ਵੀ ਕੁਝ ਨਿਯਮ ਬਣੇ ਹੋਏ ਹਨ। ਸਾਨੂੰ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਜੋ ਕਿ ਆਮ ਜਨਤਾ ਦੇ ਹਿੱਤ ਵਿੱਚ ਹੈ। ਜੇਕਰ ਅਸੀਂ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਟ੍ਰੈਫਿਕ ਪੁਲਿਸ ਦੁਆਰਾ ਕਾਰਵਾਈ ਕੀਤੀ ਜਾਂਦੀ ਹੈ।