ਡਿਊਟੀ ਦੌਰਾਨ ਸ਼ਹੀਦ ਹੋਇਆ ਪੰਜਾਬ ਦਾ ਪੁੱਤ, ਫੌਜੀ ਦੀ ਪਤਨੀ ਦਾ ਰੋ ਰੋ ਹੋਇਆ ਬੁਰਾ ਹਾਲ

ਪੰਜਾਬ ਦਾ ਇਕ ਹੋਰ ਨੌਜਵਾਨ ਫ਼ੌਜ ਵਿੱਚ ਆਪਣੇ ਮੁਲਕ ਦੀ ਰਾਖੀ ਕਰਦਾ ਸ਼ਹੀਦ ਹੋ ਗਿਆ ਹੈ। ਨੌਜਵਾਨ ਖੰਨਾ ਦੇ ਪਿੰਡ ਸਲੌਦੀ ਦਾ ਰਹਿਣ ਵਾਲਾ ਸੀ ਅਤੇ 2 ਧੀਆਂ ਦਾ ਪਿਤਾ ਸੀ। ਸ਼ਹੀਦ ਦੀ ਪਤਨੀ ਦਾ ਰੋ ਰੋ ਬੁਰਾ ਹਾਲ ਹੈ। ਸ਼ਹੀਦ ਦੀ ਪਤਨੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਰਾਤ ਸਮੇਂ ਐੱਸ ਟੀ ਡੀ ਤੋਂ ਫੋਨ ਆਇਆ ਅਤੇ ਉਨ੍ਹਾਂ ਦੇ ਸਹੁਰੇ ਦਾ ਨੰਬਰ ਮੰਗਿਆ ਗਿਆ। ਉਨ੍ਹਾਂ ਨੇ ਕਿਹਾ ਕਿ ਉਹ ਵੀ ਪਰਿਵਾਰ ਦੀ ਮੈਂਬਰ ਹੈ। ਉਨ੍ਹਾਂ ਨੂੰ ਦੱਸ ਦਿਓ ਪਰ ਉਨ੍ਹਾਂ ਨੂੰ ਕੁਝ ਨਹੀਂ ਦੱਸਿਆ ਗਿਆ।

ਸ਼ਹੀਦ ਦੀ ਪਤਨੀ ਦੇ ਦੱਸਣ ਮੁਤਾਬਕ ਇਸ ਤੋਂ ਬਾਅਦ ਉਨ੍ਹਾਂ ਦੇ ਦਿਓਰ ਨੂੰ ਜਿਹੜਾ ਕਿ ਆਰਮੀ ਵਿਚ ਹੈ, ਫੋਨ ਤੇ ਸਾਰੀ ਕਹਾਣੀ ਦੱਸੀ ਗਈ। ਸ਼ਹੀਦ ਦੀ ਪਤਨੀ ਨੇ ਰੋਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦਾ ਪਤੀ ਚਾਹੀਦਾ ਹੈ। ਆਪਣੇ ਬੱਚਿਆਂ ਦਾ ਪਿਤਾ ਚਾਹੀਦਾ ਹੈ। ਉਨ੍ਹਾਂ ਦੇ ਪਤੀ ਦੀ ਉਨ੍ਹਾਂ ਨਾਲ 11 ਵਜੇ ਗੱਲ ਹੋਈ ਸੀ। ਫੌਜੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਚੋਟੀ ਤੋਂ ਥੱਲੇ ਉਤਰ ਰਹੇ ਹਨ। ਥੱਲੇ ਉੱਤਰ ਕੇ ਉਹ ਵੀਡੀਓ ਕਾਲ ਕਰਨਗੇ। ਸ਼ਹੀਦ ਫੌਜੀ ਦੇ ਪਿਤਾ ਨੇ ਜਾਣਕਾਰੀ ਦਿੱਤੀ ਹੈ ਕਿ ਆਰਮੀ ਵਾਲੇ ਲੇਹ ਤੋਂ ਥੱਲੇ ਵੱਲ ਗੱਡੀ ਵਿਚ ਆ ਰਹੇ ਸੀ।

ਬਰਫ਼ ਤੋਂ ਗੱਡੀ ਤਿਲਕ ਗਈ। ਰਾਤ 11 ਵਜੇ ਉਨ੍ਹਾਂ ਤੋਂ ਉਨ੍ਹਾਂ ਦੇ ਛੋਟੇ ਪੁੱਤਰ ਦਾ ਫੋਨ ਮੰਗਿਆ ਗਿਆ। ਉਨ੍ਹਾਂ ਦੇ ਛੋਟੇ ਪੁੱਤਰ ਦੀ ਫੌਜ ਵਿਚ ਹੀ ਸਿੱਕਮ ਵਿਚ ਡਿਊਟੀ ਹੈ। ਫੌਜ ਵੱਲੋਂ ਉਨ੍ਹਾਂ ਦੇ ਛੋਟੇ ਪੁੱਤਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ। ਸ਼ਹੀਦ ਦੇ ਪਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਸਭ ਤੋਂ ਛੋਟਾ ਪੁੱਤਰ ਘਰ ਹੀ ਰਹਿੰਦਾ ਹੈ। ਉਨ੍ਹਾਂ ਦੇ ਵੱਡੇ ਪੁੱਤਰ ਨੂੰ ਦੇਖ ਕੇ ਉਸ ਤੋਂ ਛੋਟਾ ਪੁੱਤਰ ਵੀ ਫੌਜ ਵਿੱਚ ਭਰਤੀ ਹੋ ਗਿਆ ਸੀ। ਪਿਤਾ ਦੇ ਦੱਸਣ ਮੁਤਾਬਕ ਸ਼ਹੀਦ 2008 ਵਿੱਚ ਭਰਤੀ ਹੋਇਆ ਸੀ।

ਉਸ ਦੀਆਂ 2 ਧੀਆਂ ਹਨ। ਅਜੇ ਉਨ੍ਹਾਂ ਦੀ ਆਰਮੀ ਦੇ ਕਿਸੇ ਸੀਨੀਅਰ ਅਧਿਕਾਰੀ ਨਾਲ ਗੱਲਬਾਤ ਨਹੀਂ ਹੋਈ। ਸ਼ਹੀਦ ਦੇ ਸਹੁਰੇ ਦੇ ਦੱਸਣ ਮੁਤਾਬਕ ਬਰਫ਼ ਦੀ ਸਲਾਈਡਿੰਗ ਕਾਰਨ ਹਾਦਸਾ ਹੋਇਆ ਹੈ। ਰਾਤ 11 ਵਜੇ ਸ਼ਹੀਦ ਦੇ ਛੋਟੇ ਭਰਾ ਨੂੰ ਫੋਨ ਤੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਭਰੇ ਮਨ ਨਾਲੋ ਕਿਹਾ ਕਿ ਉਨ੍ਹਾਂ ਨੂੰ ਆਪਣੇ ਜਵਾਈ ਦੀ ਸ਼ਹਾਦਤ ਤੇ ਮਾਣ ਹੈ ਪਰ ਜੋ ਪਰਿਵਾਰ ਨੂੰ ਘਾਟਾ ਪਿਆ ਹੈ ਉਹ ਕਿਸੇ ਵੀ ਹਾਲਤ ਵਿਚ ਪੂਰਾ ਨਹੀਂ ਹੋਣਾ। ਸ਼ਹੀਦ ਦ ਪਿੰਡ ਵਿਚ ਸੋਗ ਦੀ ਲਹਿਰ ਹੈ।