ਤੇਜ਼ ਬਾਰਿਸ਼ ਕਰਕੇ ਬਣੇ ਹੜ ਵਰਗੇ ਹਾਲਾਤ, ਚਾਰੇ ਪਾਸੇ ਦੇਖੋ ਕਿਵੇਂ ਹੋਇਆ ਪਾਣੀ ਹੀ ਪਾਣੀ

ਮੀਂਹ ਪੈਣ ਨਾਲ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉਥੇ ਹੀ ਗਲੀਆਂ-ਨਾਲੀਆਂ ਵਿੱਚ ਖੜ੍ਹੇ ਪਾਣੀ ਤੋਂ ਲੋਕ ਪਰੇਸ਼ਾਨ ਵੀ ਹਨ। ਜਿਸ ਕਾਰਨ ਲੋਕਾਂ ਨੂੰ ਆਉਣ ਜਾਣ ਵਿੱਚ ਵੀ ਔਖਾ ਹੋ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਰੂਪਨਗਰ ਤੋਂ ਸਾਹਮਣੇ ਆਇਆ ਹੈ, ਜਿੱਥੇ ਮੀਂਹ ਪੈਣ ਨਾਲ ਸੜਕਾਂ ਵਿੱਚ ਖੜ੍ਹੇ ਪਾਣੀ ਨੇ ਸਵਿਮਿੰਗ ਪੂਲ ਦਾ ਰੂਪ ਧਾਰਨ ਕਰ ਲਿਆ ਹੈ। ਖੜ੍ਹੇ ਪਾਣੀ ਕਾਰਨ ਲੋਕਾਂ ਦੀਆਂ ਗੱਡੀਆਂ ਦੇ ਟਾਇਰ ਵੀ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬ ਚੁੱਕੇ ਹਨ, ਕਿਉੰਕਿ ਇੱਥੇ ਪਾਣੀ ਦਾ ਕੋਈ ਨਿਕਾਸ ਨਹੀਂ ਹੈ। ਖੜ੍ਹੇ ਪਾਣੀ ਕਾਰਨ ਹੀ ਲੋਕਾਂ ਨੂੰ ਆਉਣ-ਜਾਣ ਵਿਚ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇੱਕ ਔਰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਮੀਂਹ ਪੈਣ ਨਾਲ ਉਨ੍ਹਾਂ ਨੂੰ ਗਰਮੀ ਤੋਂ ਰਾਹਤ ਮਿਲ ਗਈ ਹੈ ਪਰ ਸੜਕਾਂ ਵਿੱਚ ਖੜ੍ਹੇ ਪਾਣੀ ਨੇ ਆਉਣਾ ਜਾਣਾ ਔਖਾ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਵੀ ਮੀਂਹ ਪੈਂਦਾ ਹੈ, ਰੋਪੜ ਜੈਲ ਸਿੰਘ ਨਗਰ ਦੀਆਂ ਸੜਕਾਂ ਦਾ ਇਹੋ ਹਾਲ ਹੁੰਦਾ ਹੈ ਅਤੇ ਕਿਸੇ ਐੱਮ ਸੀ ਜਾਂ ਮਨਿਸਟਰ ਵੱਲੋਂ ਕੋਈ ਸਾਰ ਨਹੀਂ ਲਈ ਜਾਂਦੀ। ਉਨ੍ਹਾਂ ਦਾ ਕਹਿਣਾ ਹੈ ਕਿ ਵੋਟਾਂ ਸਮੇਂ ਤਾਂ ਹਰ ਕੋਈ ਆ ਜਾਂਦਾ ਹੈ ਪਰ ਬਾਅਦ ਵਿੱਚ ਕਿਸੇ ਵੱਲੋਂ ਵੀ ਨਹੀਂ ਦੇਖਿਆ ਜਾਂਦਾ।

ਔਰਤ ਦਾ ਕਹਿਣਾ ਹੈ ਕਿ ਜਦੋਂ ਦੀਆਂ ਸੜਕਾਂ ਬਣੀਆਂ ਹਨ, ਉਦੋਂ ਦਾ ਹੀ ਇਹੋ ਹਾਲ ਹੈ। ਪਾਣੀ ਦਾ ਕੋਈ ਵੀ ਨਿਕਾਸ ਨਹੀਂ ਹੈ ਜਿਸ ਕਰਕੇ ਪਾਣੀ ਸੜਕਾਂ ਦੇ ਉੱਤੇ ਹੀ ਖੜਾ ਰਹਿੰਦਾ ਹੈ। ਉਨ੍ਹਾਂ ਦਾ ਕਹਿਣਾ ਕਿ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਉੱਤੇ ਬਹੁਤ ਉਮੀਦਾਂ ਸੀ ਪਰ ਉਹਨਾਂ ਵੱਲੋਂ ਵੀ ਸਾਰ ਨਹੀਂ ਲਈ ਗਈ। ਅੱਜ ਵੀ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਹਾਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।