ਨਵਜੰਮੀ ਪੋਤੀ ਨੂੰ ਹੈਲੀਕਾਪਟਰ ਤੇ ਲੈਣ ਆਇਆ ਕਿਸਾਨ, ਛੱਤਾਂ ਤੇ ਚੜਕੇ ਦੇਖਣ ਪਿੰਡ ਦੇ ਲੋਕ

ਭਾਵੇਂ ਸਾਡੇ ਸਮਾਜ ਵਿੱਚ ਮੁੰਡੇ ਦੇ ਜਨਮ ਤੇ ਖ਼ੁਸ਼ੀ ਮਨਾਈ ਜਾਂਦੀ ਹੈ। ਮਠਿਆਈਆਂ ਵੰਡੀਆਂ ਜਾਂਦੀਆਂ ਹਨ। ਕਿੰਨਰਾਂ ਨੂੰ ਵਧਾਈ ਦੇ ਰੂਪ ਵਿੱਚ ਕੱਪੜੇ ਅਤੇ ਨਕਦੀ ਦਿੱਤੀ ਜਾਂਦੀ ਹੈ ਪਰ ਵਿੱਦਿਆ ਦਾ ਪਸਾਰਾ ਹੋਣ ਨਾਲ ਹੁਣ ਇਨਸਾਨ ਦੀ ਸੋਚ ਵੀ ਬਦਲੀ ਹੈ। ਅੱਜਕੱਲ੍ਹ ਮੁੰਡੇ ਕੁੜੀ ਵਿੱਚ ਬਹੁਤਾ ਫ਼ਰਕ ਨਹੀਂ ਰਿਹਾ। ਸਰਕਾਰ ਵੀ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਅਰਾ ਦੇ ਰਹੀ ਹੈ। ਹੁਣ ਤਾਂ ਲੋਕ ਧੀਆਂ ਦੀ ਲੋਹੜੀ ਵੰਡਣ ਲੱਗੇ ਹਨ। ਕਈ ਕੁੜੀਆਂ ਤਾਂ ਮੁੰਡਿਆਂ ਨਾਲੋਂ ਵੀ ਜ਼ਿਆਦਾ ਕਾਮਯਾਬ ਹੋਈਆਂ ਹਨ।

ਹੁਣ ਲੋਕ ਧੀਆਂ ਦੇ ਜਨਮ ਤੇ ਮੁੰਡਿਆਂ ਦੇ ਜਨਮ ਵਾਂਗ ਹੀ ਖ਼ੁਸ਼ੀ ਮਨਾਉਂਦੇ ਹਨ। ਇਸ ਦੀ ਉਦਾਹਰਨ ਪੂਨਾ ਦੇ ਬਾਲਵਾੜੀ ਇਲਾਕੇ ਵਿੱਚ ਦੇਖਣ ਨੂੰ ਮਿਲੀ। ਇੱਥੋਂ ਦੇ ਰਹਿਣ ਵਾਲੇ ਕਿਸਾਨ ਅਜੀਤ ਪਾਂਡੂਰੰਗ ਬਾਲਵਡਕਰ ਦੀ ਨੂੰਹ ਨੇ ਬੱਚੀ ਨੂੰ ਜਨਮ ਦਿੱਤਾ ਹੈ। ਬੱਚੀ ਦਾ ਜਨਮ ਉਸ ਦੇ ਨਾਨਕੇ ਘਰ ਸ਼ਿਵਾਲਵਾੜੀ ਵਿਖੇ ਹੋਇਆ ਹੈ। ਬੱਚੀ ਦੇ ਦਾਦੇ ਦੀ ਦਿਲੀ ਇੱਛਾ ਸੀ ਕਿ ਉਨ੍ਹਾਂ ਦੇ ਘਰ ਪੋਤੀ ਜਨਮ ਲਵੇ। ਪੋਤੀ ਦੇ ਜਨਮ ਦੀ ਖੁਸ਼ੀ ਵਿਚ ਦਾਦੇ ਨੇ 3 ਦਿਨ ਮਠਿਆਈ ਵੰਡੀ ਅਤੇ ਸਾਰੇ ਪਿੰਡ ਨੂੰ ਖਾਣਾ ਵੀ ਖੁਆਇਆ। ਬਹੁਤ ਜਸ਼ਨ ਮਨਾਏ ਗਏ।

ਇੱਥੇ ਹੀ ਬਸ ਨਹੀਂ। ਬੱਚੀ ਦਾ ਦਾਦਾ ਇਕ ਲੱਖ ਰੁਪਏ ਖਰਚ ਕਰ ਕੇ ਕਿਰਾਏ ਤੇ ਹਵਾਈ ਜਹਾਜ਼ ਲੈ ਕੇ ਬੱਚੀ ਦੇ ਨਾਨਕੇ ਉਸ ਨੂੰ ਲੈਣ ਲਈ ਪਹੁੰਚਿਆ। ਹਵਾਈ ਜਹਾਜ਼ ਆਇਆ ਦੇਖ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ। ਬੱਚੀ ਦੇ ਦਾਦੇ ਨੇ ਆਪਣੀ ਨੂੰਹ ਦੇ ਪੇਕੇ ਪਰਿਵਾਰ ਨੂੰ ਵੀ ਹਵਾਈ ਜਹਾਜ਼ ਦੇ ਝੂਟੇ ਦਿੱਤੇ। ਇਸ ਤਰ੍ਹਾਂ ਹੀ ਕਿਸਾਨ ਦੇ ਆਪਣੇ ਪਰਿਵਾਰ ਨੇ ਵੀ ਹਵਾਈ ਜਹਾਜ਼ ਵਿੱਚ ਸੈਰ ਕੀਤੀ। ਇਹ ਕਿਸਾਨ ਆਪਣੀ ਪੋਤੀ ਨੂੰ ਹਵਾਈ ਜਹਾਜ਼ ਰਾਹੀਂ ਉਸ ਦੇ ਨਾਨਕਿਆਂ ਤੋਂ ਆਪਣੇ ਘਰ ਲੈ ਕੇ ਆਇਆ।

ਸਾਰੇ ਇਲਾਕੇ ਵਿੱਚ ਇਸ ਖ਼ਬਰ ਦੀ ਚਰਚਾ ਹੈ। ਬੱਚੀ ਦੇ ਜਨਮ ਤੇ ਕਿਸਾਨ ਦਾ ਸਾਰਾ ਪਰਿਵਾਰ ਬਹੁਤ ਖੁਸ਼ ਹੈ। ਜੇਕਰ ਇਸ ਕਿਸਾਨ ਵਾਂਗ ਹਰ ਕੋਈ ਮੁੰਡੇ ਅਤੇ ਕੁੜੀ ਵਿੱਚ ਫ਼ਰਕ ਮੰਨਣ ਤੋਂ ਹਟ ਜਾਵੇ ਤਾਂ ਕਈ ਮਸਲੇ ਆਪਣੇ ਆਪ ਹੀ ਹੱਲ ਹੋ ਸਕਦੇ ਹਨ। ਸਾਡੀ ਇਸ ਸੋਚ ਨਾਲ ਸਮਾਜ ਵਿੱਚੋਂ ਦਾਜ ਦੀ ਭੈੜੀ ਲਾਹਨਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।