ਨਹਿਰ ਚ ਜਾ ਡਿੱਗੀ ਫਾਰਚੂਨਰ ਕਾਰ, 5 ਦੀ ਹੋਈ ਮੋਤ, ਸੋਗ ਚ ਪਿਆ ਸਾਰਾ ਪਰਿਵਾਰ

ਹਲਕਾ ਪਾਇਲ ਅਧੀਨ ਵਾਪਰੇ ਇਕ ਹਾਦਸੇ ਕਾਰਨ ਦੇਖਣ ਸੁਣਨ ਵਾਲਿਆਂ ਦੇ ਲੂੰ ਕੰਡੇ ਖੜ੍ਹੇ ਹੋ ਗਏ। ਇਸ ਹਾਦਸੇ ਵਿੱਚ 5 ਜਾਨਾਂ ਚਲੀਆਂ ਗਈਆਂ ਹਨ। ਹਾਦਸਾ ਫਾਰਚੂਨਰ ਗੱਡੀ ਦੇ ਨਹਿਰ ਵਿੱਚ ਡਿੱਗਣ ਕਾਰਨ ਵਾਪਰਿਆ ਹੈ। ਕਾਰ ਸਵਾਰਾਂ ਵਿੱਚੋਂ ਸਿਰਫ਼ ਇੱਕ ਵਿਅਕਤੀ ਦੀ ਜਾਨ ਬਚੀ ਹੈ। ਪੁਲਿਸ ਨੇ ਪੰਜੇ ਮ੍ਰਿਤਕ ਦੇਹਾਂ ਨੂੰ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਹੈ। ਇਕ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦੇ ਪੰਜੇ ਦੋਸਤ ਪਿੰਡ ਤੋਂ 5 ਵਜੇ ਲੇਹਲ ਪਿੰਡ ਨੂੰ ਗਏ ਸਨ।

ਵਾਪਸੀ ਤੇ ਗੱਡੀ ਨਹਿਰ ਵਿਚ ਡਿੱਗ ਪਈ। ਗੱਡੀ ਵਿੱਚ 6 ਵਿਅਕਤੀ ਸਵਾਰ ਸਨ। ਇਨ੍ਹਾਂ ਵਿੱਚ ਕੈਨੇਡਾ ਤੋਂ ਆਇਆ ਐਨ.ਆਰ.ਆਈ ਜਤਿੰਦਰ ਸਿੰਘ, ਉਸ ਦਾ ਰਿਸ਼ਤੇਦਾਰ ਕੁਲਦੀਪ ਸਿੰਘ ਵਾਸੀ ਲੇਹਲ, ਜਗਤਾਰ ਸਿੰਘ, ਜਗਦੀਪ ਸਿੰਘ ਵਾਸੀ ਰੁੜਕਾ, ਜੱਗਾ ਵਾਸੀ ਗੋਪਾਲਪੁਰ ਦੀ ਜਾਨ ਚਲੀ ਗਈ ਹੈ ਜਦਕਿ ਇੱਕ ਵਿਅਕਤੀ ਗੱਡੀ ਦਾ ਪਿਛਲਾ ਸ਼ੀਸ਼ਾ ਟੁੱਟ ਜਾਣ ਕਾਰਨ ਬਚ ਗਿਆ ਹੈ। ਲੇਹਲ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਪਿੰਡ ਤੋਂ ਉਨ੍ਹਾਂ ਦਾ ਭਰਾ ਕੁਲਦੀਪ ਸਿੰਘ, ਕੁਲਦੀਪ ਸਿੰਘ ਦਾ ਐੱਨ.ਆਰ.ਆਈ ਜੀਜਾ ਹੈਪੀ ਨੰਗਲ ਆਪਣੇ ਦੋਸਤਾਂ ਮਿੱਤਰਾਂ ਸਮੇਤ ਪਹਿਲਾਂ ਬੇਰ ਅਫ਼ਸੋਸ ਕਰ ਕੇ ਆਏ।

ਬੇਰ ਤੋਂ ਬਾਅਦ ਇਹ ਰਾਤ ਦਾ ਖਾਣਾ ਖਾਣ ਲਈ ਅਹਿਮਦਗਡ਼੍ਹ ਢਾਬੇ ਤੇ ਜਾ ਰਹੇ ਸਨ। ਰਸਤੇ ਵਿੱਚ ਹਾਦਸਾ ਵਾਪਰ ਗਿਆ ਅਤੇ ਗੱਡੀ ਨਹਿਰ ਵਿਚ ਜਾ ਡਿੱਗੀ। 5 ਦੀ ਮੌਕੇ ਤੇ ਹੀ ਜਾਨ ਚਲੀ ਗਈ। ਜਿਨ੍ਹਾਂ ਵਿਚ ਕੁਲਦੀਪ ਸਿੰਘ, ਹੈਪੀ ਨੰਗਲ ਅਤੇ ਉਨ੍ਹਾਂ ਦੇ ਦੋਸਤ ਸ਼ਾਮਲ ਹਨ। ਇੱਕ ਵਿਅਕਤੀ ਸ਼ੀਸ਼ਾ ਟੁੱਟਣ ਕਾਰਨ ਬਚ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾਂ ਦੀ ਪਛਾਣ ਨੰਗਲਾਂ ਦੇ ਰਹਿਣ ਵਾਲੇ 40 ਸਾਲਾ ਜਤਿੰਦਰ ਸਿੰਘ ਪੁੱਤਰ ਭਗਵੰਤ ਸਿੰਘ, ਨੰਗਲਾਂ ਦੇ ਹੀ ਰਹਿਣ ਵਾਲੇ 45 ਸਾਲਾ ਜਗਤਾਰ ਸਿੰਘ ਪੁੱਤਰ ਬਾਵਾ ਸਿੰਘ,

ਗੋਪਾਲਪੁਰ ਦੇ ਰਹਿਣ ਵਾਲੇ 35 ਸਾਲਾ ਜੱਗਾ ਸਿੰਘ ਪੁੱਤਰ ਭਜਨ ਸਿੰਘ, ਲੇਹਲ ਦੇ ਰਹਿਣ ਵਾਲੇ 45 ਸਾਲਾ ਕੁਲਦੀਪ ਸਿੰਘ ਪੁੱਤਰ ਕਰਨੈਲ ਸਿੰਘ ਅਤੇ ਰੁੜਕਾ ਦੇ ਰਹਿਣ ਵਾਲੇ ਜਗਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਵਜੋਂ ਹੋਈ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਰਾਤ ਸਮੇਂ ਉਨ੍ਹਾਂ ਦੀ ਚੈਕਿੰਗ ਤੇ ਡਿਊਟੀ ਸੀ। ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਕਿ ਨਹਿਰ ਵਿਚ ਇਕ ਗੱਡੀ ਡਿੱਗ ਪਈ ਹੈ। ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਲੋਕਾਂ ਦਾ ਭਾਰੀ ਇਕੱਠ ਹੋ ਚੁੱਕਾ ਸੀ ਅਤੇ ਫਾਰਚੂਨਰ ਗੱਡੀ ਨਹਿਰ ਵਿਚ ਪੁੱਠੀ ਹੋਈ ਦਿਖਾਈ ਦੇ ਰਹੀ ਸੀ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਜਦੋਂ ਕਰੇਨ ਮੰਗਵਾ ਕੇ ਗੱਡੀ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਗੱਡੀ ਵਿਚੋਂ 5 ਮ੍ਰਿਤਕ ਦੇਹਾਂ ਬਰਾਮਦ ਹੋਈਆਂ।

ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਗਿਆ। ਉਨ੍ਹਾਂ ਨੇ ਸਾਰਾ ਮਾਮਲਾ ਆਪਣੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਦਿੱਤਾ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਵੀ ਸੰਪਰਕ ਕੀਤਾ ਗਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਹਾਦਸੇ ਵਿੱਚ ਬਚੇ ਵਿਅਕਤੀ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਹ ਗੱਡੀ ਦੇ ਪਿਛਲੇ ਹਿੱਸੇ ਵਿੱਚ ਪਿਆ ਸੀ। ਜਦੋਂ ਹਾਦਸਾ ਵਾਪਰਿਆ ਤਾਂ ਗੱਡੀ ਜੰਪ ਹੋਈ। ਜਿਸ ਨਾਲ ਪਿਛਲਾ ਸ਼ੀਸ਼ਾ ਟੁੱਟ ਗਿਆ ਅਤੇ ਉਹ ਭੁੜਕ ਕੇ ਬਾਹਰ ਨਹਿਰ ਦੇ ਕੰਢੇ ਤੇ ਆ ਡਿੱਗਾ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ