ਪੀਆਰਟੀਸੀ ਦੀਆਂ ਬੱਸਾਂ ਤੋਂ ਭਿੰਡਰਾਂਵਾਲਿਆਂ ਦੀਆਂ ਫੋਟੋਆਂ ਹਟਾਉਣ ਦੇ ਹੋਏ ਹੁਕਮ

ਪੰਜਾਬ ਸਰਕਾਰ ਦੀਆਂ ਬੱਸਾਂ ਉਤੇ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਲੱਗੀਆਂ ਹੋਣ ਦਾ ਮਾਮਲਾ ਤੂਲ ਫੜ ਗਿਆ ਹੈ। ਜਿਸ ਤੋਂ ਬਾਅਦ ਸੂਬੇ ਦੀ ਪੁਲਿਸ ਹਰਕਤ ਵਿੱਚ ਆ ਗਈ ਹੈ। ਸੂਬੇ ਦੇ ਡੀਜੀਪੀ ਨੇ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਨੂੰ ਪੱਤਰ ਲਿਖ ਕੇ ਹੁਕਮ ਜਾਰੀ ਕੀਤਾ ਹੈ ਕਿ ਇਨ੍ਹਾਂ ਬੱਸਾਂ ਉੱਤੇ ਭਿੰਡਰਾਂਵਾਲੇ ਦੀਆਂ ਲੱਗੀਆਂ ਹੋਈਆਂ ਤਸਵੀਰਾਂ ਹਟਾਈਆਂ ਜਾਣ। ਜਿਸ ਤੋਂ ਬਾਅਦ ਪੁਲਿਸ ਨੇ ਇਹ ਤਸਵੀਰਾਂ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਪੁਲਿਸ ਨੂੰ ਹਰਕਤ ਵਿੱਚ ਆਈ ਵੇਖ ਡੀਪੂ ਪ੍ਰਬੰਧਕ ਖੁਦ ਵੀ ਇਸ ਪਾਸੇ ਧਿਆਨ ਦੇਣ ਲੱਗੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਪੀ ਆਰ ਟੀ ਸੀ ਦੇ ਬਰਨਾਲਾ ਅਤੇ ਬਠਿੰਡਾ ਡਿਪੂ ਦੀਆਂ ਬੱਸਾਂ ਦੇ ਕੁਝ ਨੰਬਰ ਵੀ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਭੇਜੇ ਗਏ। ਕਈ ਨਾਮ ਨੰਬਰ ਵਾਲੀਆਂ ਬੱਸਾਂ ਤੇ ਤਸਵੀਰਾਂ ਨਜ਼ਰ ਆ ਰਹੀਆਂ ਹਨ। ਸੁਣਨ ਵਿੱਚ ਤਾਂ ਇਹ ਵੀ ਆ ਰਿਹਾ ਹੈ ਕਿ ਬਰਨਾਲਾ ਬਠਿੰਡਾ ਤੋਂ ਇਲਾਵਾ ਫਰੀਦਕੋਟ, ਸੰਗਰੂਰ, ਬੁਢਲਾਡਾ, ਪਟਿਆਲਾ ਅਤੇ ਚੰਡੀਗੜ੍ਹ ਦੀਆਂ ਬੱਸਾਂ ਉੱਤੇ ਵੀ ਇਹ ਤਸਵੀਰਾਂ ਦਿਖਾਈ ਦਿੱਤੀਆਂ ਹਨ।

ਜਿਸ ਤੋਂ ਬਾਅਦ ਪੁਲਿਸ ਨੇ ਇਹ ਤਸਵੀਰਾਂ ਹਟਾਉਣ ਲਈ ਇਕ ਮੁਹਿੰਮ ਵਿੱਢ ਦਿੱਤੀ। ਇਸ ਘਟਨਾ ਦੀ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਹੋ ਰਹੀ ਹੈ। ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਸਰਕਾਰੀ ਬੱਸਾਂ ਉੁੱਤੇ ਲਾਏ ਜਾਣ ਦਾ ਮਾਮਲਾ ਪਹਿਲੀ ਵਾਰ ਚਰਚਾ ਵਿੱਚ ਆਇਆ ਹੈ। 1984 ਤੋਂ ਬਾਅਦ ਭਾਵੇਂ ਕਿਸੇ ਨਾ ਕਿਸੇ ਰੂਪ ਵਿੱਚ ਭਿੰਡਰਾਂਵਾਲੇ ਦੇ ਨਾਮ ਦੀ ਚਰਚਾ ਤਾਂ ਚਲਦੀ ਰਹਿੰਦੀ ਹੈ ਪਰ ਸਰਕਾਰੀ ਬੱਸਾਂ ਤੇ ਫੋਟੋ ਲਗਾਏ ਜਾਣ ਦਾ ਮਾਮਲਾ ਪਹਿਲਾਂ ਚਰਚਾ ਵਿਚ ਨਹੀਂ ਸੀ ਆਇਆ।