ਬਾਦਲਾਂ ਦੇ ਹੋਟਲ ਕੋਲ ਦੱਬੀ ਕਰੋੜਾਂ ਦੀ ਜ਼ਮੀਨ ਤੋਂ ਪੰਚਾਇਤ ਮੰਤਰੀ ਨੇ ਛੁਡਵਾਇਆ ਕਬਜ਼ਾ

ਪੰਜਾਬ ਦੇ ਵੋਟਰਾਂ ਨੇ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਬਦਲਾਅ ਦੇ ਨਾਮ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ। ਇਸ ਪਾਰਟੀ ਨੇ ਜਨਤਾ ਨਾਲ ਅਨੇਕਾਂ ਹੀ ਵਾਅਦੇ ਕੀਤੇ ਹਨ। ਜਨਤਾ ਨੂੰ ਉਮੀਦ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਮੁਹੱਈਆ ਕਰਵਾਇਆ ਜਾਵੇਗਾ। ਪੰਜਾਬ ਸਰਕਾਰ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਸੀ ਕਿ ਜਿਨ੍ਹਾਂ ਲੋਕਾਂ ਨੇ ਗ਼ਲਤ ਤਰੀਕੇ ਨਾਲ ਪੰਚਾਇਤੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਹੈ ਉਨ੍ਹਾਂ ਤੋਂ ਇਹ ਕਬਜ਼ਾ ਛੁਡਵਾਇਆ ਜਾਵੇਗਾ।

ਇਸ ਸਬੰਧ ਵਿਚ ਸਰਕਾਰ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੀਸਵਾਂ ਫਾਰਮ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸੁਖ ਵਿਲਾਸ ਹੋਟਲ ਨੇਡ਼ੇ 29 ਏਕੜ ਜ਼ਮੀਨ ਤੋਂ ਪੰਜਾਬ ਸਰਕਾਰ ਵੱਲੋਂ ਕਬਜ਼ਾ ਛੁਡਾ ਲਿਆ ਗਿਆ ਹੈ। ਇਹ ਜ਼ਮੀਨ ਕਿਸੇ ਬਿਕਰਮ ਸਿੰਘ ਨਾਮ ਦੇ ਵਿਅਕਤੀ ਦੇ ਕਬਜ਼ੇ ਹੇਠ ਸੀ। ਇਸ ਜ਼ਮੀਨ ਵਿਚੋਂ ਮਾਈਨਿੰਗ ਵੀ ਕੀਤੀ ਗਈ ਹੈ। ਇਸ ਜ਼ਮੀਨ ਦਾ ਕਬਜ਼ਾ ਲੈਣ ਲਈ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਸਮੇਤ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਵਿਸ਼ੇਸ਼ ਤੌਰ ਤੇ ਪਹੁੰਚੇ।

ਕਬਜ਼ਾ ਲੈਣ ਤੋਂ ਪਹਿਲਾਂ ਸਾਰੀ ਅਦਾਲਤੀ ਪ੍ਰਕਿਰਿਆ ਪੂਰੀ ਕਰ ਲਈ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਸੂਬੇ ਵਿੱਚ ਇਸ ਸਮੇਂ 50 ਹਜ਼ਾਰ ਏਕੜ ਪੰਚਾਇਤੀ ਜ਼ਮੀਨ ਤੇ ਗਲਤ ਤਰੀਕੇ ਨਾਲ ਕਬਜ਼ਾ ਕੀਤਾ ਹੋਇਆ ਹੈ। ਸਰਕਾਰ ਨੇ ਮਈ ਮਹੀਨੇ ਦੌਰਾਨ 5 ਹਜ਼ਾਰ ਏਕੜ ਜ਼ਮੀਨ ਕਬਜ਼ਾ ਮੁਕਤ ਕਰਵਾਉਣ ਦਾ ਟੀਚਾ ਰੱਖਿਆ ਹੈ। ਪੰਜਾਬ ਸਰਕਾਰ ਚਾਹੁੰਦੀ ਹੈ ਕਿ ਇਸ ਸਾਲ ਦੇ ਦੌਰਾਨ ਸਾਰੀ ਜ਼ਮੀਨ ਛੁਡਵਾ ਕੇ ਪੰਚਾਇਤ ਵਿਭਾਗ ਦੀ ਆਮਦਨ ਦੁੱਗਣੀ ਕੀਤੀ ਜਾਵੇ।

ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੌਰਾਨ ਸੂਬਾ ਸਰਕਾਰ ਵੱਲੋਂ ਹੋਰ ਕੀ ਕੀ ਕਦਮ ਪੁੱਟੇ ਜਾਂਦੇ ਹਨ? ਚੰਡੀਗੜ੍ਹ ਨੇੜੇ ਪੰਜਾਬ ਸਰਕਾਰ ਦੀ ਸਰਕਾਰੀ ਜ਼ਮੀਨ ਤੇ ਕੀਤੇ ਗਏ ਕਬਜ਼ਿਆਂ ਦੀ ਸਮੇਂ ਸਮੇਂ ਤੇ ਚਰਚਾ ਹੁੰਦੀ ਰਹਿੰਦੀ ਹੈ। ਪੰਜਾਬ ਵਾਸੀਆਂ ਨੂੰ ਵੀ ਬਹੁਤ ਉਮੀਦਾਂ ਹਨ ਕਿ ਪੰਜਾਬ ਸਰਕਾਰ ਉਨ੍ਹਾਂ ਲਈ ਕੁਝ ਚੰਗਾ ਕਰੇਗੀ।