ਭਾਖੜਾ ਨਹਿਰ ਚ ਡੁੱਬਿਆ ਮੁੰਡਾ, ਦੋਸਤ ਨੂੰ ਬਚਾਉਣ ਦੇ ਚੱਕਰ ਚ ਦੂਜੇ ਦੀ ਵੀ ਗਈ ਜਾਨ

ਪਟਿਆਲਾ ਦੇ ਰਾਜਪੁਰਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਗੰਡਾਖੇਡ਼ੀ ਵਿਖੇ ਨਹਿਰ ਵਿਚ ਡੁੱਬ ਜਾਣ ਕਾਰਨ 2 ਵਿਦਿਆਰਥੀਆਂ ਦੀ ਜਾਨ ਚਲੀ ਗਈ ਹੈ। ਇਹ ਬੱਚੇ ਬਨੂੜ ਵਿਖੇ ਬੋਰਡ ਦੀ ਪ੍ਰੀਖਿਆ ਦੇ ਕੇ ਆ ਰਹੇ ਸਨ। ਮੋਟਰਸਾਈਕਲਾਂ ਤੇ ਇਹ ਇਸ ਪਾਸੇ ਘੁੰਮਣ ਆ ਗਏ। ਸੁਣਨ ਵਿੱਚ ਆਇਆ ਹੈ ਕਿ ਇਹ ਵਿਦਿਆਰਥੀ ਇੱਥੇ ਖੇਡਣ ਲੱਗ ਪਏ। ਇਸ ਦੌਰਾਨ ਹੀ ਇਕ ਵਿਦਿਆਰਥੀ ਦਾ ਪੈਰ ਤਿਲਕਣ ਨਾਲ ਉਹ ਨਹਿਰ ਵਿੱਚ ਡਿੱਗ ਪਿਆ।

ਦੂਸਰੇ ਵਿਦਿਆਰਥੀ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾਉਂਦਾ ਹੋਇਆ ਉਹ ਵੀ ਡਿੱਗ ਪਿਆ। ਇਸ ਤਰ੍ਹਾਂ ਦੇਖਦੇ ਹੀ ਦੇਖਦੇ ਦੋਵੇਂ ਬੱਚੇ ਡੂੰਘੇ ਪਾਣੀ ਵਿੱਚ ਵਹਿ ਗਏ। ਕੋਈ ਹੋਰ ਚਾਰਾ ਨਾ ਚੱਲਦਾ ਦੇਖ ਇਨ੍ਹਾਂ ਦੇ ਬਾਕੀ 5 ਸਾਥੀ ਇੱਥੋਂ ਖਿਸਕ ਗਏ। ਇਨ੍ਹਾਂ ਵਿੱਚੋਂ ਇੱਕ ਬੱਚਾ ਪਿੰਡ ਰਾਮਪੁਰ ਦਾ ਦੱਸਿਆ ਜਾ ਰਿਹਾ। ਮਿਲੀ ਜਾਣਕਾਰੀ ਮੁਤਾਬਕ ਇਕ ਮ੍ਰਿਤਕ ਬੱਚੇ ਦਾ ਪਿਤਾ ਉਸ ਨੂੰ ਘਰ ਉਡੀਕਦਾ ਰਿਹਾ। ਇਹ ਬੱਚਾ ਵੇਟਰ ਵਜੋਂ ਵਿਆਹ ਸ਼ਾਦੀਆਂ ਵਿਚ ਵੀ ਚਲਾ ਜਾਂਦਾ ਸੀ।

ਜਦੋਂ ਬੱਚਾ ਘਰ ਨਾ ਪਹੁੰਚਿਆ ਤਾਂ ਪਿਤਾ ਨੇ ਸੋਚਿਆ ਕਿ ਉਸ ਦਾ ਬੱਚਾ ਕਿਸੇ ਪ੍ਰੋਗਰਾਮ ਤੇ ਚਲਾ ਗਿਆ ਹੋਵੇਗਾ। ਉਹ ਪਹਿਲਾਂ ਵੀ ਇਸ ਤਰ੍ਹਾਂ ਚਲਾ ਜਾਂਦਾ ਸੀ। ਬੱਚੇ ਦਾ ਪਿਤਾ ਜਦੋਂ ਮੋਟਰਸਾਈਕਲ ਵਿੱਚ ਤੇਲ ਪਵਾਉਣ ਲਈ ਆਇਆ ਤਾਂ ਉਸ ਨੇ ਇੱਥੇ ਲੋਕਾਂ ਦਾ ਇਕੱਠ ਦੇਖਿਆ। ਆਪਣੇ ਪੁੱਤਰ ਦੀ ਮਿ੍ਤਕ ਦੇਹ ਦੇਖਕੇ ਉਹ ਧਾਹੀਂ ਰੋ ਪਿਆ। ਇੱਥੇ ਦੱਸਣਾ ਬਣਦਾ ਹੈ ਕਿ ਘਟਨਾ ਦਾ ਪਤਾ ਲੱਗਣ ਤੇ ਪੁਲਿਸ ਨੇ ਗੋਤਾਖੋਰਾਂ ਨੂੰ ਬੁਲਾ ਕੇ ਦੋਵੇਂ ਮ੍ਰਿਤਕ ਦੇਹਾਂ ਪਾਣੀ ਵਿੱਚੋਂ ਬਾਹਰ ਕਢਵਾਈਆਂ। ਇਸ ਘਟਨਾ ਨੇ 2 ਘਰਾਂ ਦੇ ਚਿਰਾਗ ਬੁਝਾ ਦਿੱਤੇ।

ਮਿ੍ਤਕ ਦੇਹਾਂ 24 ਘੰਟੇ ਬਾਅਦ ਪਾਣੀ ਵਿਚੋਂ ਬਾਹਰ ਕੱਢੀਆਂ ਗਈਆਂ। ਘਟਨਾ ਸਥਾਨ ਤੋਂ ਕੁਝ ਹੀ ਦੂਰੀ ਤੇ ਪੁਲਿਸ ਚੌਕੀ ਹੈ। ਅਸੀਂ ਜਾਣਦੇ ਹਾਂ ਕਿ ਪ੍ਰਸ਼ਾਸਨ ਦੁਆਰਾ ਨਹਿਰਾਂ ਵਿੱਚ ਨਹਾਉਣ ਤੋਂ ਰੋਕ ਲਾਈ ਹੋਈ ਹੈ। ਇਸ ਦੇ ਬਾਵਜੂਦ ਵੀ ਕਈ ਲੋਕ ਨਹਿਰਾਂ ਵਿੱਚ ਨਹਾਉਂਦੇ ਦੇਖੇ ਜਾਂਦੇ ਹਨ। ਪਿਛਲੇ ਦਿਨੀਂ ਸਰਹਿੰਦ ਦੇ ਸੌੰਢਾ ਹੈੱਡ ਵਿਖੇ ਭਾਖੜਾ ਨਹਿਰ ਵਿਚ ਨਹਾਉਂਦੇ ਸਮੇਂ ਇਕ ਨੌਜਵਾਨ ਡੁੱਬ ਗਿਆ ਸੀ। ਉਸ ਦੀ ਮ੍ਰਿਤਕ ਦੇਹ ਵੀ ਨਹੀਂ ਮਿਲੀ ਸੀ।