ਮਨਰੇਗਾ ਮਜ਼ਦੂਰਾਂ ਨਾਲ ਵਾਪਰਿਆ ਅੱਤ ਦਾ ਭਾਣਾ, 3 ਦੀ ਗਈ ਜਾਨ, 4 ਦਾ ਹੋਇਆ ਬੁਰਾ ਹਾਲ

ਤਲਵੰਡੀ ਸਾਬੋ ਦੇ ਪਿੰਡ ਜਗਾ ਰਾਮ ਤੀਰਥ ਕਲਾਂ ਵਿੱਚ ਵਾਪਰੇ ਸੜਕ ਹਾਦਸੇ ਦੌਰਾਨ 3 ਮਜ਼ਦੂਰਾਂ ਦੀਆਂ ਜਾਨਾਂ ਚਲੀਆਂ ਗਈਆਂ ਹਨ। ਇਨ੍ਹਾਂ ਵਿੱਚ ਰਾਣੀ ਕੌਰ ਅਤੇ ਬੱਗੜ ਸਿੰਘ ਰਿਸ਼ਤੇ ਵਿੱਚ ਨੂੰਹ ਸਹੁਰਾ ਹਨ। ਤੀਸਰੀ ਮ੍ਰਿਤਕਾ ਦਾ ਨਾਮ ਪਰਮਜੀਤ ਕੌਰ ਪਤਨੀ ਸੁਖਮੰਦਰ ਸਿੰਘ ਹੈ। 4 ਵਿਅਕਤੀਆਂ ਦੇ ਸੱ-ਟਾਂ ਲੱਗੀਆਂ ਹਨ। ਜਿਨ੍ਹਾਂ ਵਿਚੋਂ ਅਜੈਬ ਸਿੰਘ ਦੀ ਹਾਲਤ ਖਰਾਬ ਦੱਸੀ ਜਾਂਦੀ ਹੈ। ਹਾਦਸੇ ਦੀ ਲਪੇਟ ਵਿੱਚ ਜਿਹੜੀਆਂ 3 ਹੋਰ ਔਰਤਾਂ ਆਈਆਂ ਹਨ।

ਉਨ੍ਹਾਂ ਦੇ ਨਾਮ ਸੁਖਪ੍ਰੀਤ ਕੌਰ ਕੁਲਦੀਪ ਕੌਰ ਅਤੇ ਮਨਪ੍ਰੀਤ ਕੌਰ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਸਾਰੇ ਨਰੇਗਾ ਮਜ਼ਦੂਰ ਮੋਟਰਸਾਈਕਲ ਰੇਹੜੀ ਵਿਚ ਸਵਾਰ ਹੋ ਕੇ ਕੰਮ ਤੇ ਜਾ ਰਹੇ ਸਨ। ਮੋਟਰਸਾਈਕਲ ਰੇਹੜੀ ਨੂੰ ਬੱਗੜ ਸਿੰਘ ਚਲਾ ਰਿਹਾ ਸੀ। ਜਦੋਂ ਇਹ ਸਰਦੂਲਗੜ੍ਹ ਰੋਡ ਤੇ ਚੜ੍ਹਨ ਲੱਗੇ ਤਾਂ ਮੋਟਰਸਾਈਕਲ ਰੇਹੜੀ ਅਤੇ ਇਕ ਪਿਕਅੱਪ ਗੱਡੀ ਦੌਰਾਨ ਹਾਦਸਾ ਵਾਪਰ ਗਿਆ। ਜਿਸ ਨਾਲ ਰਾਣੀ ਕੌਰ ਪਤਨੀ ਲਛਮਣ ਸਿੰਘ ਨੇ ਥਾਂ ਤੇ ਹੀ ਅੱਖਾਂ ਮੀਟ ਲਈਆਂ।

ਪਿੰਡ ਦੀ ਪੰਚਾਇਤ, ਚਡ਼੍ਹਦੀ ਕਲਾ ਵੈੱਲਫੇਅਰ ਕਲੱਬ ਅਤੇ ਸਹਾਰਾ ਕਲੱਬ ਤਲਵੰਡੀ ਸਾਬੋ ਦੇ ਮੈਂਬਰਾਂ ਦੇ ਸਹਿਯੋਗ ਸਦਕਾ ਹਾਦਸੇ ਦੀ ਲਪੇਟ ਵਿੱਚ ਆਏ ਬਾਕੀ 6 ਰੇਹੜੀ ਸਵਾਰਾਂ ਨੂੰ ਸਿਵਲ ਹਸਪਤਾਲ ਤਲਵੰਡੀ ਸਾਬੋ ਪਹੁੰਚਾਇਆ ਗਿਆ। ਪਰਮਜੀਤ ਕੌਰ ਅਤੇ ਮੋਟਰਸਾਈਕਲ ਰੇਹੜੀ ਚਾਲਕ ਬੱਗੜ ਸਿੰਘ ਦੋਵੇਂ ਹੀ ਹਸਪਤਾਲ ਵਿੱਚ ਸਦਾ ਦੀ ਨੀਂਦ ਸੌਂ ਗਏ। ਅਜੈਬ ਸਿੰਘ ਦੀ ਹਾਲਤ ਖ਼ਰਾਬ ਹੈ। ਇਹ ਸਾਰੇ ਹੀ ਗ਼ਰੀਬ ਮਜ਼ਦੂਰ ਹਨ।

ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਰਾਣੀ ਕੌਰ 4 ਧੀਆਂ ਦੀ ਮਾਂ ਸੀ। ਸਵੇਰੇ ਸਵੇਰੇ ਵਾਪਰੇ ਇਸ ਹਾਦਸੇ ਦੀ ਖਬਰ ਮਿਲਣ ਤੇ ਸਾਰਾ ਪਿੰਡ ਇਕੱਠਾ ਹੋ ਗਿਆ। ਇਸ ਹਾਦਸੇ ਕਾਰਨ ਪਿੰਡ ਦਾ ਮਾਹੌਲ ਗ਼ਮਗੀਨ ਹੈ। ਘਟਨਾ ਬਾਰੇ ਪਤਾ ਲੱਗਣ ਤੇ ਹਲਕਾ ਵਿਧਾਇਕਾ ਬਲਜਿੰਦਰ ਕੌਰ ਸਿਵਲ ਹਸਪਤਾਲ ਪਹੁੰਚੇ ਅਤੇ ਉਨ੍ਹਾਂ ਨੇ ਡਾਕਟਰਾਂ ਨਾਲ ਗੱਲਬਾਤ ਕੀਤੀ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਇਸ ਮਾਮਲੇ ਦੇ ਸੰਬੰਧ ਵਿਚ ਪਰਚਾ ਦਰਜ ਕਰ ਰਹੀ ਹੈ।