ਮਾਂ ਕਰਦੀ ਲੋਕਾਂ ਦੇ ਘਰਾਂ ਚ ਕੰਮ ਤੇ ਡਿਗਰੀਆ ਕਰਕੇ ਧੀ ਲਾ ਰਹੀ ਖੇਤਾਂ ਚ ਝੋਨਾ

ਪੰਜਾਬ ਵਿੱਚ ਨੌਜਵਾਨ ਪੜ੍ਹ-ਲਿਖ ਕੇ ਉੱਚ ਪੱਧਰ ਦੀਆਂ ਡਿਗਰੀਆਂ ਹਾਸਿਲ ਕਰਦੇ ਹਨ ਤਾਂ ਜੋ ਉਹ ਆਪਣੇ ਪਰਿਵਾਰ ਦੀ ਗ਼ ਰੀ ਬੀ ਦੂਰ ਕਰ ਸਕਣ ਪਰ ਪੰਜਾਬ ਵਿੱਚ ਪੜ੍ਹੇ-ਲਿਖੇ ਨੌਜਵਾਨਾਂ ਦੀ ਪ੍ਰਸਥਿਤੀ ਅਨਪੜਾਂ ਦੇ ਨਾਲ਼ ਦੀ ਹੈ ਕਿਉੰਕਿ ਇੰਨਾ ਪੜ੍ਹਨ-ਲਿਖਣ ਦੇ ਬਾਵਯੂਦ ਵੀ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ। ਜਿਨ੍ਹਾਂ ਕੋਲ ਪੈਸੇ ਹਨ, ਉਹ ਬਾਹਰਲੇ ਮੁਲਕਾਂ ਦਾ ਰੁੱਖ ਕਰਦੇ ਹਨ। ਜੋ ਗਰੀਬ ਪਰਿਵਾਰ ਵਿਚੋਂ ਹਨ ਉਹ ਆਪਣਾ ਪਰਿਵਾਰ ਚਲਾਉਣ ਲਈ ਇੱਧਰ ਰਹਿ ਕੇ ਹੀ ਮਿਹਨਤ ਮਜ਼ਦੂਰੀ ਕਰਨ ਲਈ ਮਜਬੂਰ ਹੋ ਜਾਂਦੇ ਹਨ।

ਅਜਿਹਾ ਹੀ ਇੱਕ ਮਾਮਲਾ ਗੁਰਦਾਸਪੁਰ ਦੇ ਪਿੰਡ ਬਾਗੋਵਾਨਾ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੀ ਰਹਿਣ ਵਾਲੀ 25 ਸਾਲਾ ਮਨਪ੍ਰੀਤ ਕੌਰ ਨੂੰ ਐੱਮ.ਐੱਸ.ਸੀ ਕੰਪਿਊਟਰ ਸਾਇੰਸ ਕਰਨ ਦੇ ਬਾਵਯੂਦ ਵੀ ਝੋਨਾ ਲਾਉਣ ਲਈ ਮਜਬੂਰ ਹੋਣਾ ਪਿਆ। ਇਸ ਸੰਬੰਧ ਵਿੱਚ ਗੱਲਬਾਤ ਕਰਦਿਆਂ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਬਾਰਵੀਂ ਜਮਾਤ ਵਿੱਚ ਨਾਨ ਮੈਡੀਕਲ ਦੀ ਪੜਾਈ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਬੀ.ਐੱਸ.ਸੀ ਇਕਨੋਮਿਕਸ ਅਤੇ ਐਮ.ਐਸ.ਸੀ ਕੰਪਿਊਟਰ ਸਾਇੰਸ ਵਿੱਚ ਕੀਤੀ।

ਇੰਨਾ ਪੜ੍ਹਨ-ਲਿਖਣ ਦੇ ਬਾਵਯੂਦ ਵੀ ਜਦੋਂ ਸਰਕਾਰ ਨੌਕਰੀ ਨਹੀਂ ਦੇ ਰਹੀ ਤਾਂ ਘਰਦਾ ਖਰਚਾ ਚਲਾਉਣ ਲਈ ਉਨ੍ਹਾਂ ਨੂੰ ਖੇਤਾਂ ਵਿੱਚ ਝੋਨਾ ਲਾਉਣ ਲਈ ਮਜਬੂਰ ਹੋਣਾ ਪਿਆ। ਇਹ ਦੇਖ ਕੇ ਉਨ੍ਹਾਂ ਦੇ ਦਿਲ ਨੂੰ ਠੇਸ ਪਹੁੰਚਦੀ ਹੈ ਕਿ ਇਨ੍ਹਾਂ ਪੜ੍ਹਨ ਲਿਖਣ ਦਾ ਕੀ ਫਾਇਦਾ ਜਦੋਂ ਨੌਕਰੀ ਹੀ ਨਹੀਂ ਮਿਲਣੀ। ਉਨ੍ਹਾਂ ਨੇ ਦਿਨ ਰਾਤ ਇੱਕ ਕਰ ਕੇ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਅਤੇ ਸਿਲਾਈ ਦਾ ਕੰਮ ਕਰਕੇ ਫੀਸਾਂ ਭਰੀਆਂ ਸਨ। ਮਨਪ੍ਰੀਤ ਦੇ ਦੱਸਣ ਅਨੁਸਾਰ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਇਕਲੌਤੇ ਭਰਾ ਦੀ ਜਾਨ ਚਲੀ ਗਈ ਸੀ।

ਇਸ ਤੋਂ ਕੁਝ ਸਮਾਂ ਬਾਅਦ ਉਨ੍ਹਾਂ ਦੇ ਪਿਤਾ ਨੇ ਵੀ ਦਮ ਤੋੜ ਦਿੱਤਾ ਸੀ। ਘਰ ਵਿਚ ਉਨ੍ਹਾਂ ਦੀ ਮਾਂ ਅਤੇ 3 ਭੈਣਾਂ ਹਨ। ਉਨ੍ਹਾਂ ਨੇ ਮਿਹਨਤ ਕਰਕੇ ਵੱਡੀ ਭੈਣ ਦਾ ਵਿਆਹ ਕਰ ਦਿੱਤਾ। ਹੁਣ ਘਰ ਵਿੱਚ ਉਹ ਮਾਂ ਅਤੇ ਉਨ੍ਹਾਂ ਦੀ ਛੋਟੀ ਭੈਣ ਹਨ। ਛੋਟੀ ਭੈਣ ਨੇ ਵੀ ਬੀ.ਏ , 1 ਸਾਲ ਦਾ ਕੰਪਿਊਟਰ ਦਾ ਡਿਪਲੋਮਾ ਅਤੇ ਫੈਸ਼ਨ ਡਿਜਾਈਨਿੰਗ ਦਾ ਕੋਰਸ ਕੀਤਾ ਹੋਇਆ ਹੈ। ਉਸ ਨੂੰ ਵੀ ਕੋਈ ਨੌਕਰੀ ਨਹੀਂ ਮਿਲੀ। ਮਨਪ੍ਰੀਤ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸੁਪਨਾ ਇੰਜੀਨੀਅਰ ਬਣਨ ਦਾ ਸੀ ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਸੁਪਨਾ ਪੂਰਾ ਨਹੀਂ ਹੋਣਾ।