ਪੰਜਾਬ ਵਿੱਚੋਂ ਅਮਲ ਦੀ ਵਿਕਰੀ ਦੇ ਮਾਮਲੇ ਖਤਮ ਹੋਣ ਦਾ ਨਾਮ ਨਹੀਂ ਲੈ ਰਹੇ। ਅਮਲ ਦੀ ਵਰਤੋਂ ਕਰਨ ਕਰਕੇ ਕਿੰਨੇ ਹੀ ਨੌਜਵਾਨ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਸਰਕਾਰ ਅਤੇ ਪ੍ਰਸ਼ਾਸ਼ਨ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਜਨਤਾ ਆਪਣਾ ਹਾਲ ਕਿਸ ਅੱਗੇ ਬਿਆਨ ਕਰੇ। ਫਿਰੋਜ਼ਪੁਰ ਦੇ ਪਿੰਡ ਅੱਕੂ ਵਾਲਾ ਵਿੱਚ 25 ਸਾਲਾ ਨੌਜਵਾਨ ਸੰਤੋਖ ਸਿੰਘ ਪੁੱਤਰ ਮਹਿੰਦਰ ਸਿੰਘ ਦੀ ਅਮਲ ਦੀ ਵਰਤੋਂ ਨਾਲ ਜਾਨ ਜਾਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਉਸ ਦੇ ਸੰਬੰਧੀ ਪਿੰਡ ਵਿੱਚ ਹੋ ਰਹੀ ਅਮਲ ਦੀ ਵਿਕਰੀ ਨੂੰ ਨੱਥ ਪਾਉਣ ਦੀ ਮੰਗ ਕਰ ਰਹੇ ਹਨ।
ਦੂਜੇ ਪਾਸੇ ਪੁਲਿਸ ਕਾਰਵਾਈ ਦੀ ਗੱਲ ਆਖ ਰਹੀ ਹੈ। ਰਣਜੀਤ ਕੌਰ ਨਾਮ ਦੀ ਔਰਤ ਨੇ ਦੱਸਿਆ ਹੈ ਕਿ ਮ੍ਰਿਤਕ ਦੀ ਉਮਰ 25 ਸਾਲ ਸੀ। ਜਿਸ ਦੀ ਅਮਲ ਦੀ ਵਰਤੋਂ ਕਰਨ ਨਾਲ ਜਾਨ ਗਈ ਹੈ। ਰਣਜੀਤ ਕੌਰ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਪਿੰਡ ਵਿੱਚ 3 ਘਰ ਅਮਲ ਵੇਚਦੇ ਹਨ। ਉਨ੍ਹਾਂ ਨੇ ਕਈ ਵਾਰ ਪੁਲਿਸ ਨੂੰ ਇਸ ਦੀ ਜਾਣਕਾਰੀ ਵੀ ਦਿੱਤੀ ਹੈ। ਪੁਲਿਸ ਤਲਾਸ਼ੀ ਦੇ ਬਹਾਨੇ ਇਨ੍ਹਾਂ ਘਰਾਂ ਵਿੱਚ ਜਾਂਦੀ ਹੈ ਅਤੇ ਪੈਸੇ ਲੈ ਕੇ ਵਾਪਸ ਮੁੜ ਜਾਂਦੀ ਹੈ। ਰਣਜੀਤ ਕੌਰ ਦਾ ਕਹਿਣਾ ਹੈ ਕਿ ਇੱਥੇ ਹੀ ਬੱਸ ਨਹੀਂ,
ਪੁਲਿਸ ਇਨ੍ਹਾਂ ਲੋਕਾਂ ਨੂੰ ਇਹ ਵੀ ਦੱਸਦੀ ਹੈ ਕਿ ਉਨ੍ਹਾਂ ਬਾਰੇ ਪੁਲਿਸ ਨੂੰ ਸੂਹ ਕਿਸ ਨੇ ਦਿੱਤੀ ਹੈ? ਫਿਰ ਇਹ ਅਮਲ ਵਿਕਰੇਤਾ ਉਨ੍ਹਾਂ ਸੂਹ ਦੇਣ ਵਾਲਿਆਂ ਨੂੰ ਮੰਦਾ ਬੋਲਦੇ ਹਨ। ਉਹ ਆਪਣੀ ਜੇਬ੍ਹ ਵਿੱਚ ਪੁਲਿਸ ਦੇ ਹੋਣ ਦਾ ਦਾਅਵਾ ਕਰਦੇ ਹਨ ਅਤੇ ਕਹਿੰਦੇ ਹਨ ਕਿ ਪੁਲਿਸ ਤਾਂ ਉਨ੍ਹਾਂ ਨੇ ਖਰੀਦੀ ਹੋਈ ਹੈ। ਰਣਜੀਤ ਕੌਰ ਨੇ ਦੱਸਿਆ ਹੈ ਕਿ ਜਿਹੜੇ ਵਿਅਕਤੀ ਅਮਲ ਖ਼ਰੀਦਦੇ ਹਨ, ਉਹ ਵੇਚਣ ਵਾਲਿਆਂ ਦੇ ਕੰਮ ਧੰਦੇ ਵੀ ਕਰਦੇ ਹਨ। ਰਣਜੀਤ ਕੌਰ ਨੇ ਮੰਗ ਕੀਤੀ ਹੈ ਕਿ ਨੌਜਵਾਨ ਦੇ ਮਾਮਲੇ ਵਿੱਚ ਪਰਚਾ ਦਰਜ ਹੋਵੇ ਅਤੇ ਅਮਲ ਦੀ ਵਿਕਰੀ ਕਰਨ ਵਾਲਿਆਂ ਨੂੰ ਵੀ ਨੱਥ ਪਾਈ ਜਾਵੇ।
ਗੁਰਮੁਖ ਸਿੰਘ ਦਾ ਕਹਿਣਾ ਹੈ ਕਿ ਅਮਲ ਦੀ ਵਿਕਰੀ ਦਿਨ ਪ੍ਰਤੀ ਦਿਨ ਵਧਦੀ ਹੀ ਜਾ ਰਹੀ ਹੈ। ਇਸ ਤੇ ਰੋਕ ਲੱਗਣੀ ਚਾਹੀਦੀ ਹੈ ਤਾਂ ਕਿ ਮਾਵਾਂ ਦੇ ਪੁੱਤਾਂ ਦੀਆਂ ਜਾਨਾਂ ਬਚ ਸਕਣ। ਸੁਖਦੇਵ ਸਿੰਘ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਪਿੰਡ ਵਿੱਚ ਬੁਰਾ ਹਾਲ ਹੈ। ਛੋਟੇ ਛੋਟੇ ਬੱਚੇ ਅਮਲ ਦੇ ਆਦੀ ਹੋ ਗਏ ਹਨ। ਕੋਈ ਕਾਰਵਾਈ ਨਹੀਂ ਹੋ ਰਹੀ। ਸਰਕਾਰਾਂ ਸਿਰਫ਼ ਬਿਆਨਬਾਜ਼ੀ ਕਰਦੀਆਂ ਹਨ। ਅਮਲ ਦੀ ਵਿਕਰੀ ਨੂੰ ਠੱਲ੍ਹ ਪੈਣੀ ਚਾਹੀਦੀ ਹੈ।
ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਪਿੰਡ ਅੱਕੂ ਵਾਲਾ ਵਿਚ ਸੰਤੋਖ ਸਿੰਘ ਪੁੱਤਰ ਮਹਿੰਦਰ ਸਿੰਘ ਦੀ ਜਾਨ ਜਾਣ ਦੀ ਇਤਲਾਹ ਮਿਲੀ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਦਾ ਕਾਰਨ ਅਮਲ ਦੀ ਵਰਤੋਂ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਪੜਤਾਲ ਕਰਕੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ