ਮਾਤਾ ਨੂੰ ਮੱਥਾ ਟੇਕ ਦੋਵੇਂ ਭੈਣ ਭਰਾ ਘਰੋਂ ਹੋਏ ਫਰਾਰ, ਮਾਪਿਆਂ ਦਾ ਲੱਭ ਲੱਭ ਹੋਇਆ ਬੁਰਾ ਹਾਲ

ਹੁਸ਼ਿਆਰਪੁਰ ਵਿੱਚ ਵਾਪਰੀ ਘਟਨਾ ਨੇ ਪੁਲਿਸ ਨੂੰ ਚੱਕਰ ਵਿੱਚ ਪਾਇਆ ਹੋਇਆ ਹੈ। ਹਰ ਸੁਣਨ ਵਾਲੇ ਨੂੰ ਕੋਈ ਸਮਝ ਨਹੀਂ ਲਗਦੀ ਕਿ ਮਾਮਲਾ ਕੀ ਹੈ? ਇੱਥੋਂ ਦੇ ਰਵਿਦਾਸ ਨਗਰ ਦੇ ਰਹਿਣ ਵਾਲੇ ਇਕ ਪਰਿਵਾਰ ਦੇ 2 ਬੱਚੇ ਮੁੰਡਾ ਅਤੇ ਕੁੜੀ ਲਾਪਤਾ ਹੋ ਗਏ ਹਨ। ਦੋਵੇਂ ਰਿਸ਼ਤੇ ਵਿੱਚ ਸਕੇ ਭੈਣ ਭਰਾ ਹਨ। ਇਨ੍ਹਾਂ ਬੱਚਿਆਂ ਦੇ ਪਿਤਾ ਰੇਸ਼ਮ ਲਾਲ ਨੇ ਦੱਸਿਆ ਹੈ ਕਿ ਉਹ ਪਤੀ ਪਤਨੀ ਸਵੇਰੇ ਡਿਊਟੀ ਤੇ ਗਏ ਸਨ। ਰੇਸ਼ਮ ਲਾਲ ਦਾ ਕਹਿਣਾ ਹੈ ਕਿ ਜਦੋਂ ਉਹ ਵਾਪਸ ਆਇਆ ਤਾਂ ਘਰ ਨੂੰ ਤਾਲੇ ਲੱਗੇ ਸਨ।

ਉਨ੍ਹਾਂ ਨੇ ਸੋਚਿਆ ਕਿ ਉਨ੍ਹਾਂ ਦੀ ਬੇਟੀ ਲੇਟ ਹੋ ਗਈ ਹੋਵੇਗੀ ਅਤੇ ਪੁੱਤਰ ਸੌਂ ਗਿਆ ਹੋਵੇਗਾ। ਉਨ੍ਹਾਂ ਨੇ ਉੱਚੀ ਉੱਚੀ ਆਵਾਜ਼ਾਂ ਦਿੱਤੀਆਂ ਪਰ ਕੋਈ ਜਵਾਬ ਨਹੀਂ ਮਿਲਿਆ। ਰੇਸ਼ਮ ਲਾਲ ਦਾ ਕਹਿਣਾ ਹੈ ਕਿ ਫੇਰ ਉਨ੍ਹਾਂ ਨੇ ਆਪਣੇ ਸਾਲੇ ਨੂੰ ਫੋਨ ਕਰਕੇ ਪੁੱਛਿਆ ਪਰ ਬੱਚੇ ਉੱਥੇ ਵੀ ਨਹੀਂ ਗਏ ਸਨ। ਜਿਸ ਕਰਕੇ ਉਨ੍ਹਾਂ ਨੇ ਆਪਣੇ ਸਾਲੇ ਨੂੰ ਬੁਲਾ ਕੇ ਤਾਲਾ ਤੋਡ਼ਿਆ ਅਤੇ ਸੀਸੀਟੀਵੀ ਚੈੱਕ ਕੀਤਾ। ਰੇਸ਼ਮ ਲਾਲ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਪਤਨੀ ਦੇ ਡਿਊਟੀ ਜਾਣ ਤੋਂ ਬਾਅਦ 8-35 ਤੋਂ 8-40 ਵਜੇ ਦੇ ਵਿਚਕਾਰ ਉਨ੍ਹਾਂ ਦੇ ਬੱਚੇ ਪਹਿਲਾਂ ਘਰ ਨੂੰ ਅੰਦਰੋਂ ਤਾਲਾ ਲਗਾਉਂਦੇ ਨਜ਼ਰ ਆਉਂਦੇ ਹਨ ਅਤੇ ਫੇਰ ਬਾਹਰੋਂ ਤਾਲਾ ਲਗਾ ਕੇ ਮਾਤਾ ਨੂੰ ਮੱਥਾ ਟੇਕ ਕੇ ਉਹ ਤੇਜ਼ੀ ਨਾਲ ਘਰੋਂ ਨਿਕਲ ਜਾਂਦੇ ਹਨ।

ਇਸ ਤਰ੍ਹਾਂ ਲੱਗਦਾ ਹੈ ਜਿਵੇਂ ਬਾਹਰ ਕੋਈ ਉਨ੍ਹਾਂ ਨੂੰ ਉਡੀਕ ਰਿਹਾ ਹੋਵੇ। ਰੇਸ਼ਮ ਲਾਲ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਧੀ ਨੇ ਵਿਆਹ ਵੀ ਕਰਵਾ ਲਿਆ ਹੋਵੇ ਤਾਂ ਵੀ ਉਨ੍ਹਾਂ ਨੂੰ ਇਸ ਤੇ ਕੋਈ ਸ਼ਿਕਵਾ ਨਹੀਂ ਹੈ। ਉਨ੍ਹਾਂ ਨੂੰ ਆਪਣੀ ਧੀ ਦਾ ਫੈਸਲਾ ਮਨਜ਼ੂਰ ਹੈ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਹਰ ਹਾਲਤ ਵਿੱਚ ਵਾਪਸ ਘਰ ਆ ਜਾਣ। ਉਹ ਆਪਣੇ ਬੱਚਿਆਂ ਨੂੰ ਬਹੁਤ ਯਾਦ ਕਰ ਰਹੇ ਹਨ। ਲੜਕੀ ਦੀ ਉਮਰ 22 ਸਾਲ ਅਤੇ ਮੁੰਡੇ ਦੀ ਉਮਰ 15 ਸਾਲ ਹੈ।

ਇਨ੍ਹਾਂ ਬੱਚਿਆਂ ਦੀ ਮਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਬੱਚੇ ਪਿਛਲੇ ਮਹੀਨੇ ਦੀ 19 ਤਰੀਕ ਤੋਂ ਲਾਪਤਾ ਹਨ। ਇਸ ਸਮੇਂ ਉਨ੍ਹਾਂ ਨੂੰ ਲਾਪਤਾ ਹੋਏ ਇਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਲੜਕੀ ਦਾ ਨਾਮ ਵਰਿੰਦਰਜੀਤ ਕੌਰ ਅਤੇ ਮੁੰਡੇ ਦਾ ਨਾਮ ਸ਼ਿਵਜੋਤ ਹੈ। ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਦੇ ਬੱਚੇ ਜਲਦੀ ਵਾਪਸ ਘਰ ਆ ਜਾਣ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ 19 ਤਰੀਕ ਨੂੰ ਮੁੰਡਾ ਅਤੇ ਕੁੜੀ ਦੋਵੇਂ ਬੱਚੇ ਆਪਣੀ ਮਰਜ਼ੀ ਨਾਲ ਘਰ ਨੂੰ ਤਾਲੇ ਲਗਾ ਕੇ ਅਤੇ ਬੈਗ ਲੈ ਕੇ ਚਲੇ ਗਏ ਹਨ।

ਉਨ੍ਹਾਂ ਨੇ ਬੱਚਿਆਂ ਦੀਆਂ ਫੋਟੋਆਂ ਪੰਜਾਬ ਦੇ ਨਾਲ ਨਾਲ ਮਾਤਾ ਚਿੰਤਪੂਰਨੀ ਅਤੇ ਵੈਸ਼ਨੋ ਦੇਵੀ ਵਿਖੇ ਲਗਵਾ ਦਿੱਤੀਆਂ ਹਨ। ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀ ਦਾ ਮੰਨਣਾ ਹੈ ਕਿ ਬੱਚੇ ਕਿਤੇ ਲੁਕੇ ਹੋਏ ਹੋ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲਾ ਟ੍ਰੇਸ ਹੋ ਜਾਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ