ਮਾਨ ਸਰਕਾਰ ਲਗਾਏਗੀ ਸਰਕਾਰੀ ਸਕੂਲਾਂ ਚ 1 ਲੱਖ 25 ਹਜ਼ਾਰ ਫਲਦਾਰ ਬੂਟੇ

ਮੌਨਸੂਨ ਦੀ ਰੁੱਤ ਹੋਣ ਕਰਕੇ ਅੱਜ ਕੱਲ੍ਹ ਬਨਸਪਤੀ ਖ਼ੂਬ ਫਲਦੀ ਫੁਲਦੀ ਹੈ। ਇਨ੍ਹਾਂ ਦਿਨਾਂ ਵਿੱਚ ਲਗਾਏ ਗਏ ਪੌਦੇ ਜਲਦੀ ਵਧਦੇ ਹਨ। ਪੰਜਾਬ ਸਰਕਾਰ ਨੇ ਇਸ ਸੰਬੰਧੀ ਇਕ ਅਹਿਮ ਫੈਸਲਾ ਕੀਤਾ ਹੈ। ਜਿਸ ਵਿੱਚ ਪੰਜਾਬ ਦੇ ਬਾਗਬਾਨੀ ਮੰਤਰੀ ਫੌਜਾ ਸਿੰਘ ਸਰਾਰੀ ਵਿਸ਼ੇਸ਼ ਦਿਲਚਸਪੀ ਲੈ ਰਹੇ ਹਨ। ਸੂਬਾ ਸਰਕਾਰ ਵੱਲੋਂ 15 ਜੁਲਾਈ 2022 ਤੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਫਲਦਾਰ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ।

ਇਸ ਮੁਹਿੰਮ ਦੇ ਪਹਿਲੇ ਪੜਾਅ ਦੌਰਾਨ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿਚ 1.25 ਲੱਖ ਫਲਦਾਰ ਬੂਟੇ ਲਗਾਏ ਜਾਣਗੇ। ਅਗਲੇ ਪੜਾਅ ਵਿੱਚ ਸੂਬੇ ਦੀਆਂ ਸੜਕਾਂ, ਸੇਮ ਨਾਲਿਆਂ ਅਤੇ ਸੂਇਆ ਆਦਿ ਦੇ ਕਿਨਾਰੇ ਤੇ ਫਲਦਾਰ ਬੂਟੇ ਲਗਾਏ ਜਾਣ ਦੀ ਯੋਜਨਾ ਹੈ। ਇਸ ਤੋਂ ਬਿਨਾਂ ਬਾਗਬਾਨੀ ਮੰਤਰੀ ਫੌਜਾ ਸਿੰਘ ਸਰਾਰੀ ਨੇ ਸਰਕਾਰੀ ਅਧਿਕਾਰੀਆਂ ਨੂੰ ਸਰਕਾਰ ਦੀ ਖਾਲੀ ਪਈ ਜ਼ਮੀਨ ਤੇ ਫਲਦਾਰ ਬੂਟੇ ਲਾਉਣ ਲਈ ਕਿਹਾ ਹੈ। ਸਰਕਾਰ ਦੇ ਬਾਗਬਾਨੀ ਵਿਭਾਗ ਵੱਲੋਂ ਜੋ ਵੀ ਬੂਟੇ ਲਗਾਏ ਜਾਣਗੇ, ਉਨ੍ਹਾਂ ਦੀ ਸਾਂਭ ਸੰਭਾਲ ਵੀ ਕੀਤੀ ਜਾਵੇਗੀ।

ਸਰਕਾਰ ਚਾਹੁੰਦੀ ਹੈ ਕਿ ਕਿਸਾਨਾਂ ਨੂੰ ਝੋਨੇ ਅਤੇ ਕਣਕ ਦੇ ਫਸਲੀ ਚੱਕਰ ਵਿੱਚੋਂ ਕੱਢਿਆ ਜਾਵੇ ਅਤੇ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾਵੇ। ਪੰਜਾਬ ਸਰਕਾਰ ਸੂਬੇ ਵਿੱਚ ਬਾਗ਼ਬਾਨੀ ਨੂੰ ਉਤਸ਼ਾਹਿਤ ਕਰਨ ਦੀ ਚਾਹਵਾਨ ਹੈ। ਅਸੀਂ ਦੇਖਦੇ ਹਾਂ ਕਿ ਦਿਨ ਪ੍ਰਤੀ ਦਿਨ ਧਰਤੀ ਹੇਠਲਾ ਪਾਣੀ ਘਟਦਾ ਜਾ ਰਿਹਾ ਹੈ। ਜਿਸ ਕਰਕੇ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਜ਼ਰੂਰਤ ਹੈ।