ਰੰਗ ਕਰਕੇ ਵੇਚਿਆ 22 ਲੱੱਖ ਦਾ ਘੋੜਾ, ਠੱ ਗਾਂ ਦੀ ਸਕੀਮ ਦੇਖ ਪੁਲਸ ਵਾਲਿਆਂ ਦੇ ਵੀ ਉੱਡ ਗਏ ਹੋਸ਼

ਅੱਜ ਕੱਲ੍ਹ ਤਾਂ ਨੌਸਰਬਾਜ ਭੋਲੇ ਭਾਲੇ ਲੋਕਾਂ ਨੂੰ ਅਜਿਹੇ ਤਰੀਕੇ ਨਾਲ ਚੂਨਾ ਲਾਉਂਦੇ ਹਨ ਕਿ ਉਨ੍ਹਾਂ ਦੀ ਸਮਝ ਹੀ ਕੁਝ ਨਹੀਂ ਪੈਂਦਾ। ਜਦੋਂ ਤਕ ਸ਼ਰੀਫ਼ ਆਦਮੀ ਨੂੰ ਸਮਝ ਲੱਗਦੀ ਹੈ ਤਦ ਤਕ ਨੌਸਰਬਾਜ਼ ਆਪਣਾ ਕੰਮ ਕਰ ਚੁੱਕੇ ਹੁੰਦੇ ਹਨ। ਸੰਗਰੂਰ ਦੇ ਲਹਿਰਾ ਦੇ ਰਹਿਣ ਵਾਲੇ ਇਕ ਕੱਪੜਾ ਵਪਾਰੀ ਰਮੇਸ਼ ਕੁਮਾਰ ਨੂੰ ਗੋਗਾ ਖ਼ਾਨ ਨਾਮ ਦਾ ਵਿਅਕਤੀ 22 ਲੱਖ 65 ਹਜ਼ਾਰ ਰੁਪਏ ਵਿੱਚ ਚੂਨਾ ਲਗਾ ਲਿਆ। ਹੁਣ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਰਮੇਸ਼ ਕੁਮਾਰ ਦੀ ਕੱਪੜੇ ਦੀ

ਦੁਕਾਨ ਤੇ ਵੱਡੀ ਲੇਹਲ ਦਾ ਰਹਿਣ ਵਾਲਾ ਗੋਗਾ ਖਾਨ ਕਈ ਵਾਰ ਕੱਪੜਾ ਖਰੀਦਣ ਆਇਆ। ਗੋਗਾ ਖਾਨ ਨੇ ਗੱਲਾਂ ਵਿੱਚ ਉਲਝਾ ਕੇ ਰਮੇਸ਼ ਕੁਮਾਰ ਨੂੰ ਲਾਲਚ ਵਿੱਚ ਫਸਾ ਲਿਆ। ਉਸ ਨੇ ਰਮੇਸ਼ ਕੁਮਾਰ ਨੂੰ ਕਿਹਾ ਕਿ ਸੁਨਾਮ ਨੇੜਲੇ ਪਿੰਡ ਸਿੰਘਪੁਰਾ ਵਿਚ ਇਕ ਘੋੜਾ ਵਿਕਾਊ ਹੈ। ਜੋ 23 ਲੱਖ ਰੁਪਏ ਵਿੱਚ ਮਿਲ ਜਾਵੇਗਾ। ਉਸ ਕੋਲ ਅਜਿਹਾ ਗਾਹਕ ਵੀ ਹੈ ਜੋ ਉਸ ਘੋੜੇ ਨੂੰ ਖ਼ਰੀਦਣ ਲਈ 28 ਲੱਖ ਰੁਪਏ ਖਰਚ ਕਰ ਸਕਦਾ ਹੈ। ਇਸ ਤਰ੍ਹਾਂ ਗੋਗਾ ਖਾਨ ਨੇ ਰਮੇਸ਼ ਕੁਮਾਰ ਨੂੰ ਮਨਾ ਲਿਆ

ਕਿ ਉਹ ਘੋੜਾ ਖ਼ਰੀਦਣ ਲਈ ਰਕਮ ਖ਼ਰਚ ਕਰ ਦੇਵੇ ਅਤੇ ਫਿਰ ਉਹ ਇਸ ਘੋੜੇ ਨੂੰ 5 ਲੱਖ ਰੁਪਏ ਦੇ ਮੁਨਾਫੇ ਤੇ ਵਿਕਾ ਦੇਵੇਗਾ। ਇਸ ਤਰ੍ਹਾਂ ਰਮੇਸ਼ ਕੁਮਾਰ ਅਤੇ ਗੋਗਾ ਖ਼ਾਨ ਸਿੰਘਪੁਰਾ ਪਹੁੰਚ ਗਏ। ਇਨ੍ਹਾਂ ਦਾ 22 ਲੱਖ 65 ਹਜ਼ਾਰ ਰੁਪਏ ਵਿੱਚ ਸੌਦਾ ਤੈਅ ਹੋ ਗਿਆ। ਰਮੇਸ਼ ਕੁਮਾਰ ਨੇ 7 ਲੱਖ 65 ਹਜ਼ਾਰ ਰੁਪਏ ਨਕਦ ਦੇ ਦਿੱਤੇ ਅਤੇ 2 ਖਾਲੀ ਚੈੱਕ ਦੇ ਕੇ ਘੋੜਾ ਲੈ ਆਇਆ। ਗੋਗਾ ਖਾਨ ਨੇ ਪਹਿਲਾਂ ਤੋਂ ਹੀ ਬਣਾਈ ਸਕੀਮ ਅਨੁਸਾਰ ਰਮੇਸ਼ ਕੁਮਾਰ ਨੂੰ ਕਿਹਾ

ਕਿ ਉਹ ਘੋੜਾ ਲੈ ਕੇ ਆਪਣੇ ਘਰ ਲਹਿਰਾ ਨੂੰ ਚੱਲੇ ਅਤੇ ਗੋਗਾ ਖ਼ਾਨ ਘੋੜੇ ਦੇ ਗਾਹਕ ਲੈ ਕੇ ਆ ਰਿਹਾ ਹੈ। ਰਮੇਸ਼ ਕੁਮਾਰ ਘੋੜਾ ਲੈ ਕੇ ਲਹਿਰਾ ਪਹੁੰਚ ਗਿਆ। ਗਰਮੀ ਹੋਣ ਕਾਰਨ ਉਸ ਨੇ ਘੋੜੇ ਨੂੰ ਪਾਣੀ ਪਿਲਾਇਆ। ਬਾਲਟੀ ਵਿੱਚ ਬਚਦਾ ਪਾਣੀ ਉਸ ਨੇ ਘੋੜੇ ਉੱਤੇ ਪਾ ਦਿੱਤਾ। ਰਮੇਸ਼ ਕੁਮਾਰ ਦੀਆਂ ਅੱਖਾਂ ਇਹ ਦੇਖ ਕੇ ਖੁੱਲ੍ਹੀਆਂ ਹੀ ਰਹਿ ਗਈਆਂ ਕਿ ਘੋੜੇ ਨੂੰ ਰੰਗ ਕੀਤਾ ਹੋਇਆ ਹੈ ਅਤੇ ਘੋੜੇ ਤੋਂ ਨੀਲਾ ਰੰਗ ਉਤਰ ਰਿਹਾ ਹੈ। ਉਸ ਨੇ ਗੋਗਾ ਖਾਨ ਨੂੰ ਫੋਨ ਕੀਤਾ ਕਿ ਗਾਹਕ ਲੈ ਕੇ ਆਵੇ।

ਉਹ ਘੋੜੇ ਨੂੰ ਆਪਣੇ ਕੋਲ ਨਹੀਂ ਰੱਖ ਸਕਦਾ। ਗੋਗਾ ਖਾਨ ਨੇ ਬਹਾਨਾ ਲਗਾਇਆ ਕਿ ਜਿਸ ਗਾਹਕ ਨੇ ਘੋੜਾ ਖ਼ਰੀਦਣਾ ਹੈ। ਉਸ ਦੀ ਮਾਂ ਨੂੰ ਦੌਰਾ ਪੈ ਗਿਆ ਹੈ। ਇਸ ਲਈ ਰਮੇਸ਼ ਕੁਮਾਰ ਘੋੜੇ ਨੂੰ ਵਾਪਸ ਪਿੰਡ ਸਿੰਘ ਪੁਰਾ ਹੀ ਛੱਡ ਆਵੇ। ਇਸ ਤੋਂ ਬਾਅਦ ਰਮੇਸ਼ ਕੁਮਾਰ ਘੋੜੇ ਨੂੰ ਸਿੰਘਪੁਰਾ ਛੱਡ ਆਇਆ। ਹੁਣ ਰਮੇਸ਼ ਕੁਮਾਰ ਘੋੜਾ ਵੀ ਦੇ ਬੈਠਾ ਅਤੇ 2 ਖਾਲੀ ਚੈੱਕਾਂ ਦੇ ਨਾਲ ਨਾਲ 7 ਲੱਖ 65 ਹਜ਼ਾਰ ਰੁਪਏ ਵੀ। ਕੁਝ ਦਿਨ ਲਾਰੇ ਲਗਾਉਣ ਤੋਂ ਬਾਅਦ ਗੋਗਾ ਖਾਨ ਨੇ ਆਪਣਾ ਮੋਬਾਇਲ ਸਵਿੱਚ ਆਫ ਕਰ ਲਿਆ।

ਮਹੀਨਾ ਭਰ ਇੱਧਰ ਉੱਧਰ ਭਟਕਣ ਤੋਂ ਬਾਅਦ ਰਮੇਸ਼ ਕੁਮਾਰ ਪੁਲਿਸ ਕੋਲ ਪਹੁੰਚ ਗਿਆ। ਉਸ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਵੀ ਇਨਸਾਫ਼ ਦੀ ਗੁਹਾਰ ਲਗਾਈ। ਜਿਸ ਤੋਂ ਬਾਅਦ ਪੁਲਿਸ ਨੇ ਗੋਗਾ ਖਾਨ ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਗੋਗਾ ਖਾਨ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ ਰਮੇਸ਼ ਕੁਮਾਰ ਇਨਸਾਫ਼ ਦੀ ਉਡੀਕ ਕਰ ਰਿਹਾ ਹੈ। ਰਮੇਸ਼ ਕੁਮਾਰ ਨੂੰ ਉਸ ਦੀ ਰਕਮ ਅਤੇ ਖਾਲੀ ਚੈੱਕ ਕਦੋਂ ਵਾਪਸ ਮਿਲਦੇ ਹਨ? ਇਹ ਤਾਂ ਸਮਾਂ ਹੀ ਦੱਸੇਗਾ।