ਵੱਡੇ ਪੁਲਿਸ ਅਧਿਕਾਰੀਆਂ ਦੀਆਂ ਵਰਦੀਆਂ ਪਾ ਨਿਕਲਦੇ ਸੀ ਪਿੰਡੋਂ, ਹੁਣ ਆ ਗਏ ਅਸਲੀ ਪੁਲਿਸ ਦੇ ਅੜਿੱਕੇ

ਲੋਕਾਂ ਨੇ ਪੈਸਾ ਕਮਾਉਣ ਦੇ ਅਲੱਗ ਅਲੱਗ ਢੰਗ ਲੱਭੇ ਹਨ। ਉਹ ਇਹ ਵੀ ਨਹੀਂ ਸੋਚਦੇ ਕਿ ਇਹ ਤਰੀਕਾ ਸਹੀ ਹੈ ਜਾਂ ਗ਼ਲਤ? ਇਸ ਦਾ ਸਿੱਟਾ ਕੀ ਨਿਕਲੇਗਾ? ਜਗਰਾਉਂ ਪੁਲਿਸ ਨੇ 5 ਵਿਅਕਤੀ ਕਾਬੂ ਕੀਤੇ ਹਨ। ਜੋ ਪੁਲਿਸ ਦੀਆਂ ਵਰਦੀਆਂ ਪਹਿਨ ਕੇ ਪੁਲਿਸ ਅਧਿਕਾਰੀ ਬਣ ਕੇ ਸਮਾਜ ਵਿਚ ਵਿਚਰਦੇ ਸਨ। ਜਦ ਕਿ ਹਕੀਕਤ ਵਿੱਚ ਇਹ ਪੁਲਿਸ ਮੁਲਾਜ਼ਮ ਨਹੀਂ ਹਨ। ਇਨ੍ਹਾਂ ਲੋਕਾਂ ਨੇ ਪੁਲਿਸ ਦੇ ਰੂਪ ਵਿੱਚ ਕੀ ਕੀ ਕਾਰਵਾਈਆਂ ਕੀਤੀਆਂ ਹਨ? ਇਹ ਵੀ ਜਾਂਚ ਦਾ ਵਿਸ਼ਾ ਹੈ।

ਇਨ੍ਹਾਂ ਵਿਅਕਤੀਆਂ ਤੋਂ ਡੀ ਐੱਸ ਪੀ ਅਤੇ ਸਬ ਇੰਸਪੈਕਟਰ ਦੀਆਂ ਵਰਦੀਆਂ ਬਰਾਮਦ ਹੋਈਆਂ ਹਨ। ਇਹ ਵਿਅਕਤੀ ਸਵੇਰੇ ਜਲਦੀ ਘਰੋਂ ਚਲੇ ਜਾਂਦੇ ਸਨ ਅਤੇ ਦੇਰ ਰਾਤ ਤੱਕ ਵਾਪਸ ਮੁੜਦੇ ਸਨ। ਜਿਸ ਕਰਕੇ ਇਨ੍ਹਾਂ ਦੇ ਪਰਿਵਾਰ ਵਾਲੇ ਸਮਝਦੇ ਸਨ ਕਿ ਉਨ੍ਹਾਂ ਦੇ ਪੁੱਤਰ ਪੁਲਿਸ ਦੀ ਨੌਕਰੀ ਕਰਦੇ ਹਨ। ਇਨ੍ਹਾਂ ਦੇ ਪਰਿਵਾਰਾਂ ਨੂੰ ਵੀ ਹਕੀਕਤ ਦਾ ਪਤਾ ਨਹੀਂ ਸੀ ਪਰ ਝੂਠ ਨੂੰ ਕਦੋਂ ਤੱਕ ਛੁਪਾਇਆ ਜਾ ਸਕਦਾ ਹੈ? ਆਖ਼ਰ ਇੱਕ ਦਿਨ ਭੇਦ ਖੁੱਲ੍ਹ ਹੀ ਜਾਂਦਾ ਹੈ।

ਕਿਸੇ ਨੇ ਇਨ੍ਹਾਂ ਦਾ ਭੇਦ ਖੋਲ੍ਹ ਦਿੱਤਾ। ਜਿਸ ਕਰ ਕੇ ਪੁਲਿਸ ਹਰਕਤ ਵਿਚ ਆ ਗਈ ਅਤੇ ਇਨ੍ਹਾਂ ਨੂੰ ਕਾਬੂ ਕਰ ਲਿਆ। ਇਨ੍ਹਾਂ ਵਿੱਚੋਂ 2 ਵਿਅਕਤੀ ਥਾਣਾ ਜੋਧਾਂ ਦੇ ਪਿੰਡ ਫੱਲੇਵਾਲ ਦੇ ਦੱਸੇ ਜਾਂਦੇ ਹਨ। ਇਹ ਦੋਵੇਂ ਰਿਸ਼ਤੇ ਵਿੱਚੋਂ ਭਰਾ ਹਨ। ਇਨ੍ਹਾਂ ਦੇ ਬਾਕੀ 3 ਸਾਥੀ ਲਹਿਰਾਂ ਅਤੇ ਮੰਗਾ ਪਿੰਡਾਂ ਨਾਲ ਸਬੰਧਤ ਹਨ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਡੀ ਐੱਸ ਪੀ ਦੀ ਵਰਦੀ ਪਹਿਨਦਾ ਸੀ। ਬਾਕੀ ਸਬ ਇੰਸਪੈਕਟਰ ਅਤੇ ਹੋਰ ਅਹੁਦਿਆਂ ਨਾਲ ਸਬੰਧਤ ਵਰਦੀਆਂ ਪਹਿਨਦੇ ਸਨ।

ਇਨ੍ਹਾਂ ਤੋਂ ਇਕ ਵਾਹਨ ਵੀ ਬਰਾਮਦ ਹੋਇਆ ਹੈ। ਇਸ ਤੋਂ ਬਿਨਾਂ ਇਨ੍ਹਾਂ ਨੇ ਨਿਯੁਕਤੀ ਪੱਤਰ ਵੀ ਤਿਆਰ ਕੀਤੇ ਹੋਏ ਸਨ। ਇਹ ਲੋਕ ਇਹ ਵੀ ਕਹਿੰਦੇ ਸਨ ਕਿ ਇਨ੍ਹਾਂ ਦੀ ਤਨਖਾਹ ਇਨ੍ਹਾਂ ਦੇ ਬੈਂਕ ਖਾਤੇ ਵਿਚ ਟਰਾਂਸਫਰ ਹੁੰਦੀ ਹੈ। ਜਿਸ ਕਰਕੇ ਪੁਲਿਸ ਨੇ ਇਨ੍ਹਾਂ ਦੀ ਬੈਂਕ ਸਟੇਟਮੈਂਟ ਵੀ ਮੰਗਵਾਈ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿਚ ਜਾਂਚ ਦੌਰਾਨ ਹੋਰ ਕੀ ਕੀ ਭੇਦ ਖੁੱਲ੍ਹਦੇ ਹਨ? ਇਨ੍ਹਾਂ ਦੇ ਕਾਰਨਾਮਿਆਂ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ।