ਸਹੁਰੇ ਪਰਿਵਾਰ ਤੋਂ ਤੰਗ ਆ ਕੇ ਨੂੰਹ ਨੇ ਚੁੱਕਿਆ ਗਲਤ ਕਦਮ, ਪਰਿਵਾਰ ਨੇ ਲਾਸ਼ ਚੌਕ ਚ ਰੱਖਕੇ ਕੀਤਾ ਪ੍ਰਦਰਸ਼ਨ

ਪਰਿਵਾਰ ਵਿੱਚ ਆਪਸੀ ਅਣਬਣ ਹੋਣ ਕਾਰਨ ਕਈ ਵਾਰ ਵੱਡੇ ਹਾਦਸੇ ਵਾਪਰ ਜਾਂਦੇ ਹਨ। ਇਸ ਲਈ ਪਰਿਵਾਰ ਦੇ ਜੀਆਂ ਦਾ ਆਪਸ ਵਿਚ ਤਾਲਮੇਲ ਜ਼ਰੂਰੀ ਹੈ। ਨਾਭਾ ਦੇ ਪਿੰਡ ਮਹਿਸ ਵਿੱਚ ਗੁਰਮੀਤ ਕੌਰ ਨਾਮ ਦੀ ਔਰਤ ਨੇ ਘਰ ਵਿਚ ਹੀ ਪੱਖੇ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ ਹੈ। ਇਹ ਉਸ ਦਾ ਪੇਕਾ ਪਰਿਵਾਰ ਹੈ। ਜਿੱਥੇ ਉਹ 6 ਮਹੀਨੇ ਤੋਂ ਰਹਿ ਰਹੀ ਸੀ। ਗੁਰਮੀਤ ਕੌਰ ਦੀ ਜਾਨ ਜਾਣ ਤੋਂ ਬਾਅਦ ਉਸ ਦੇ ਪੇਕੇ ਪਰਿਵਾਰ ਅਤੇ ਕੁਝ ਕਿਸਾਨ ਆਗੂਆਂ ਨੇ ਨਾਭਾ ਪਟਿਆਲਾ ਰੋਡ ਤੇ ਧਰਨਾ ਲਗਾ ਕੇ ਰੋਡ ਜਾਮ ਕਰ ਦਿੱਤਾ।

ਉਹ ਮੰਗ ਕਰ ਰਹੇ ਸਨ ਕਿ ਮ੍ਰਿਤਕਾ ਗੁਰਮੀਤ ਕੌਰ ਦੇ ਸਹੁਰਾ ਪਰਿਵਾਰ ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦਾ ਤਰਕ ਸੀ ਕਿ ਗੁਰਮੀਤ ਕੌਰ ਦੇ ਸਹੁਰਾ ਪਰਿਵਾਰ ਦੀਆਂ ਹਰਕਤਾਂ ਕਾਰਨ ਹੀ ਗੁਰਮੀਤ ਕੌਰ ਨੇ ਆਪਣੀ ਜਾਨ ਦਿੱਤੀ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕਾ ਦੇ ਪੇਕੇ ਪਰਿਵਾਰ ਨੂੰ ਇਨਸਾਫ਼ ਦਾ ਭਰੋਸਾ ਦਿੱਤਾ। ਪੁਲਿਸ ਨੇ ਪਰਿਵਾਰ ਨੂੰ ਯਕੀਨ ਦੁਆਇਆ ਕਿ ਮ੍ਰਿਤਕਾ ਦੇ ਸਹੁਰੇ ਪਰਿਵਾਰ ਤੇ ਪਰਚਾ ਦਰਜ ਕਰਕੇ ਉਨ੍ਹਾਂ ਨੂੰ ਜਲਦੀ ਹੀ ਕਾਬੂ ਕੀਤਾ ਜਾਵੇਗਾ।

ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਗੱਲਬਾਤ ਦੌਰਾਨ ਪੁਲਿਸ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਕਿ ਗੁਰਮੀਤ ਕੌਰ ਦਾ ਵਿਆਹ 13 ਸਾਲ ਪਹਿਲਾਂ ਮੰਡੀ ਗੋਬਿੰਦਗਡ਼੍ਹ ਨੇਡ਼ੇ ਪੈਂਦੇ ਪਿੰਡ ਲਾਡਪੁਰ ਤੂਰਾਂ ਵਿੱਚ ਹੋਇਆ ਸੀ। ਸਹੁਰੇ ਪਰਿਵਾਰ ਦਾ ਸਲੂਕ ਗੁਰਮੀਤ ਕੌਰ ਨਾਲ ਚੰਗਾ ਨਹੀਂ ਸੀ। ਉਹ 6 ਮਹੀਨੇ ਪਹਿਲਾਂ ਗੁਰਮੀਤ ਕੌਰ ਨੂੰ ਉਸ ਦੇ ਪੇਕੇ ਘਰ ਛੱਡ ਗਏ ਸਨ। ਜਿਸ ਕਰਕੇ ਗੁਰਮੀਤ ਕੌਰ ਦੇ ਦਿਮਾਗ ਤੇ ਬੋਝ ਰਹਿੰਦਾ ਸੀ। ਇਸ ਹਾਲਤ ਦੇ ਚੱਲਦੇ ਹੀ ਗੁਰਮੀਤ ਕੌਰ ਨੇ

ਆਪਣੇ ਪੇਕੇ ਘਰ ਪੱਖੇ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ। ਇਸ ਤੋਂ ਬਾਅਦ ਉਸ ਦੇ ਪੇਕੇ ਪਰਿਵਾਰ ਨੇ ਇਨਸਾਫ ਦੀ ਮੰਗ ਕਰਦੇ ਹੋਏ ਨਾਭਾ ਪਟਿਆਲਾ ਰੋਡ ਤੇ ਜਾਮ ਲਗਾ ਦਿੱਤਾ। ਪੁਲਿਸ ਨਾਲ ਹੋਈ ਗੱਲਬਾਤ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਚੁੱਕ ਲਿਆ। ਪੁਲਿਸ ਨੇ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਤੇ 306 ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਇਨ੍ਹਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ ਜਾਵੇਗਾ।