ਸ੍ਰੀ ਹਰਿਮੰਦਰ ਸਾਹਿਬ ਚ ਰੋਜ ਤਿਆਰ ਹੁੰਦਾ 1 ਲੱਖ ਸ਼ਰਧਾਲੂਆਂ ਲਈ ਲੰਗਰ

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਤੋਂ ਲੰਗਰ ਦੀ ਪ੍ਰਥਾ ਚਲਾਈ ਹੈ, ਉਦੋਂ ਤੋਂ ਲੰਗਰ ਛਕਣ ਦੀ ਪ੍ਰਥਾ ਨੂੰ ਜ਼ੋਰ-ਸ਼ੋਰ ਨਾਲ ਸੰਗਤ ਤੱਕ ਪਹੁੰਚਾਉਣ ਲਈ ਯਤਨ ਕੀਤੇ ਗਏ। ਇਸ ਕਰਕੇ ਸਿੱਖ ਧਰਮ ਵਿੱਚ ਧਾਰਮਿਕ ਸਥਾਨਾਂ ਤੇ ਲੰਗਰ ਅਤੁੱਟ ਵਰਤਦਾ ਹੈ। ਇਸੇ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਸਥਾਪਿਤ ਕੀਤੇ ਗਏ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਨੂੰ ਵਿਸ਼ਵ ਦਾ ਸਭ ਤੋਂ ਪਹਿਲਾ ਅਤੇ ਸਭ ਤੋਂ ਵੱਡਾ ਲੰਗਰ ਮੰਨਿਆ ਜਾਂਦਾ ਹੈ। ਹਰਮੰਦਿਰ ਸਾਹਿਬ ਵਿਖੇ 24 ਘੰਟੇ, ਸਾਲ ਵਿਚ 365 ਦਿਨ ਸਵੇਰ ਦੀ ਚਾਹ, ਸ਼ਾਮ ਦੀ ਚਾਹ, ਨਾਸ਼ਤਾ, ਦੁਪਹਿਰ ਦਾ ਖਾਣਾ, ਰਾਤ ਦਾ ਖਾਣਾ ਆਦਿ ਭੋਜਨ ਲੰਗਰ ਦੇ ਰੂਪ ਵਿੱਚ ਮਿਲਦਾ ਹੈ।

ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਰੇ ਹੀ ਧਰਮਾਂ ਦੇ ਲੋਕ ਸੰਗਤ ਦੇ ਰੂਪ ਵਿੱਚ ਪੰਗਤ ਵਿਚ ਬੈਠ ਕੇ ਲੰਗਰ ਛਕਦੇ ਹਨ। ਇੱਥੇ ਰੋਜ਼ਾਨਾ ਇਕ ਲੱਖ ਦੇ ਕਰੀਬ ਸ਼ਰਧਾਲੂ ਲੰਗਰ ਛਕਦੇ ਹਨ ਪਰ ਸ਼ਨਿਚਰਵਾਰ ਗੁਰਪੁਰਬ ਅਤੇ ਤਿਉਹਾਰਾਂ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਛਕਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵੱਧ ਜਾਂਦੀ। ਇਹ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਚਾਰ ਵਿਭਾਗ ਦੇ ਸਕੱਤਰ ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਗੁਰਪੁਰਬ ਅਤੇ ਸ਼ਨਿਚਰਵਾਰ ਅਤੇ ਐਤਵਾਰ ਨੂੰ ਲੰਗਰ ਵਿੱਚ ਸੰਗਤ ਦੀ ਗਿਣਤੀ ਦੋ ਲੱਖ ਤੋਂ ਢਾਈ ਲੱਖ ਤੱਕ ਹੁੰਦੀ ਹੈ।

ਲੰਗਰ ਵਿੱਚ ਰੋਜ਼ਾਨਾ 100 ਤੋਂ ਵੱਧ ਵੱਡੇ ਐਲ.ਪੀ.ਜੀ ਗੈਸ ਸਿਲੰਡਰ ਲਗਾਏ ਜਾਂਦੇ ਹਨ। ਹਰਿਮੰਦਰ ਸਾਹਿਬ ਲੰਗਰ ਵਿੱਚ ਰੋਜ਼ਾਨਾ 7 ਹਜਾਰ ਕਿਲੋ ਆਟਾ, 300 ਕਿਲੋ ਦਾਲ, 500 ਕਿਲੋ ਚੌਲ, 500 ਕਿਲੋ ਦੁੱਧ, ਮੱਖਣ, ਹਜ਼ਾਰਾਂ ਲੀਟਰ ਦੁੱਧ ਦੀ ਵਰਤੋਂ ਹੁੰਦੀ ਹੈ। ਰੋਟੀ ਬਣਾਉਣ ਲਈ ਮਸ਼ੀਨਾਂ ਚਲਦੀਆਂ ਹਨ ਜੋ ਇੱਕ ਘੰਟੇ ਵਿੱਚ 70 ਹਜ਼ਾਰ ਰੋਟੀਆਂ ਬਣਾ ਦਿੰਦੀਆਂ ਹਨ। 2000 ਰੋਟੀਆਂ ਸੰਗਤਾਂ ਆਪਣੇ ਹੱਥਾਂ ਨਾਲ ਬਣਾਉਂਦੀਆਂ ਹਨ। ਲੰਗਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 475 ਸੇਵਾਦਾਰ 24 ਘੰਟੇ ਡਿਉਟੀਆਂ ਨਿਭਾਉਂਦੇ ਹਨ

ਜਦ ਕੇ ਸੰਗਤਾਂ ਸਬਜ਼ੀ ਕੱਟਣ ਅਤੇ ਜੂਠੇ ਭਾਂਡੇ ਧੋਣ ਦੀ ਸੇਵਾ ਕਰਦੀਆਂ ਹਨ। ਜੇਕਰ ਇਤਿਹਾਸ ਅਨੁਸਾਰ ਗੱਲ ਕੀਤੀ ਜਾਵੇ ਤਾਂ ਲੰਗਰ ਦੀ ਮੁਹਿੰਮ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਸੀ। ਜਦੋਂ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਨੇ ਨਾਨਕ ਦੇਵ ਜੀ ਨੂੰ 20 ਰੁਪਏ ਦੇ ਕੇ ਨਵਾਂ ਕਾਰੋਬਾਰ ਸ਼ੁਰੂ ਕਰਨ ਲਈ ਭੇਜਿਆ ਸੀ। 20 ਰੁਪਏ ਲੈ ਕੇ ਜਦੋਂ ਗੁਰੂ ਨਾਨਕ ਦੇਵ ਜੀ ਸੌਦਾ ਕਰਨ ਲਈ ਗਏ ਤਾਂ ਉਨ੍ਹਾਂ ਨੂੰ ਰਸਤੇ ਵਿੱਚ ਭੁੱਖੇ ਸਾਧੂ ਮਿਲੇ ਜੋ ਉਨ੍ਹਾਂ ਤੋਂ ਭੋਜਨ ਦੀ ਮੰਗ ਕਰ ਰਹੇ ਸੀ। ਇਸ ਦੌਰਾਨ ਗੁਰੂ ਨਾਨਕ ਦੇਵ ਜੀ ਨੇ 20 ਰੁਪਏ ਦਾ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਦਿੱਤਾ।

ਇਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਬਿਨਾਂ ਕੋਈ ਕਾਰੋਬਾਰ ਕੀਤੇ ਆਪਣੇ ਪਿਤਾ ਕੋਲ ਖਾਲੀ ਹੱਥ ਪਹੁੰਚੇ। ਗੁਰੂ ਨਾਨਕ ਦੇਵ ਜੀ ਨੂੰ ਖਾਲੀ ਹੱਥ ਦੇਖ ਪਿਤਾ ਨੇ ਗੁੱਸਾ ਕੀਤਾ। ਇਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ ਸ਼ਾਂਤ ਕੀਤਾ ਤੇ ਕਿਹਾ ਕਿ ਪਿਤਾ ਜੀ ” ਮੈਂ ਅੱਜ ਸੱਚਾ ਸੌਦਾ ਕਰ ਕੇ ਆਇਆ ਹਾਂ”। ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਜੋ ਮੇਰੇ ਮਨ ਨੂੰ ਸਕੂਨ ਮਿਲਿਆ ਹੈ, ਉਹ ਸ਼ਾਇਦ ਹੀ ਕਿਸੇ ਵਪਾਰ ਜਾਂ ਸੌਦੇ ਵਿੱਚ ਮਿਲਦਾ ਹੋਵੇ। ਸੱਚਾ ਸੌਦਾ ਦੇ ਨਾਮ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੰਗਰ ਮੁਹਿੰਮ ਦੀ ਸ਼ੁਰੂਆਤ ਕਰਕੇ ਜੋ ਸਿੱਖਿਆ ਦਿੱਤੀ ਹੈ ਕਿ ਹਰੇਕ ਲੰਗਰ ਦੀ ਮੁਹਿੰਮ ਨੂੰ ਤੇਜ਼ੀ ਨਾਲ ਵਧਾਉਣਾ ਚਾਹੀਦਾ ਹੈ।