15 ਅਗਸਤ ਨੂੰ ਕੌਣ ਕਿਥੇ ਕਿਥੇ ਲਹਿਰਾਵੇਗਾ ਤਿਰੰਗਾ

ਸਾਡਾ ਮੁਲਕ ਅੰਗਰੇਜ਼ਾਂ ਦੀ ਗੁਲਾਮੀ ਤੋਂ 15 ਅਗਸਤ 1947 ਨੂੰ ਆਜ਼ਾਦ ਹੋਇਆ ਸੀ। ਲਗਭਗ 200 ਸਾਲ ਇੱਥੇ ਅੰਗਰੇਜ਼ਾਂ ਦਾ ਰਾਜ ਰਿਹਾ। 15 ਅਗਸਤ 1947 ਨੂੰ ਜਿੱਥੇ ਸਾਨੂੰ ਆਜ਼ਾਦੀ ਮਿਲੀ, ਉੱਥੇ ਹੀ ਇੱਕ ਨਵਾਂ ਮੁਲਕ ਪਾਕਿਸਤਾਨ ਵੀ ਹੋਂਦ ਵਿੱਚ ਆਇਆ। ਜਿਸ ਨੂੰ ਪੂਰਬੀ ਪਾਕਿਸਤਾਨ ਅਤੇ ਪੱਛਮੀ ਪਾਕਿਸਤਾਨ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਹਰ ਸਾਲ 15 ਅਗਸਤ ਨੂੰ ਸਾਡੇ ਮੁਲਕ ਵਿੱਚ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ। ਰਾਸ਼ਟਰੀ ਅਤੇ ਸੂਬਾ ਪੱਧਰੀ ਪ੍ਰੋਗਰਾਮਾਂ ਵਿਚ ਤਿਰੰਗਾ ਝੰਡਾ ਲਹਿਰਾਇਆ ਜਾਂਦਾ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਜ਼ਾਦੀ ਦਿਵਸ ਮਨਾਇਆ ਜਾਵੇਗਾ।

ਪੰਜਾਬ ਸਰਕਾਰ ਨੇ ਇਹ ਸ਼ਡਿਊਲ ਤਿਆਰ ਕਰ ਲਿਆ ਹੈ ਕਿ ਕਿਹੜੇ ਕਿਹੜੇ ਮੰਤਰੀ ਕਿੱਥੇ ਕਿੱਥੇ ਰਾਸ਼ਟਰੀ ਝੰਡਾ ਲਹਿਰਾਉਣਗੇ? ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਜ਼ਾਦੀ ਦਿਵਸ ਤੇ ਲੁਧਿਆਣਾ ਵਿੱਚ ਤਿਰੰਗਾ ਝੰਡਾ ਲਹਿਰਾਇਆ ਜਾਵੇਗਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਬਠਿੰਡਾ ਵਿੱਚ, ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਅੰਮ੍ਰਿਤਸਰ ਵਿੱਚ, ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਪਟਿਆਲਾ ਵਿੱਚ, ਉੱਚ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤਰਨਤਾਰਨ ਵਿੱਚ ਤਿਰੰਗਾ ਲਹਿਰਾਉਣਗੇ।

ਜੇਕਰ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਚੇਤਨ ਸਿੰਘ ਜੌਡ਼ਾ ਮਾਜਰਾ, ਫ਼ਰੀਦਕੋਟ ਵਿੱਚ ਫੌਜਾ ਸਿੰਘ ਸਰਾਰੀ, ਜਲੰਧਰ ਵਿੱਚ ਇੰਦਰਬੀਰ ਸਿੰਘ ਨਿੱਝਰ, ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਅਮਨ ਅਰੋੜਾ ਅਤੇ ਹੁਸ਼ਿਆਰਪੁਰ ਵਿੱਚ ਹਰਜੋਤ ਸਿੰਘ ਬੈਂਸ ਤਿਰੰਗਾ ਲਹਿਰਾਉਣ ਲਈ ਪਹੁੰਚਣਗੇ। ਬ੍ਰਹਮਸ਼ੰਕਰ ਜਿੰਪਾ ਐੱਸਏਐੱਸ ਨਗਰ ਮੋਹਾਲੀ ਵਿਖੇ, ਲਾਲਜੀਤ ਸਿੰਘ ਭੁੱਲਰ ਸੰਗਰੂਰ ਵਿਖੇ, ਕੁਲਦੀਪ ਸਿੰਘ ਧਾਲੀਵਾਲ ਗੁਰਦਾਸਪੁਰ ਵਿਖੇ, ਲਾਲ ਚੰਦ ਮੋਗਾ ਵਿਖੇ, ਹਰਭਜਨ ਸਿੰਘ ਈਟੀਓ ਫਿਰੋਜ਼ਪੁਰ ਵਿਖੇ ਅਤੇ ਡਾ ਬਲਜੀਤ ਕੌਰ ਮਾਨਸਾ ਵਿਖੇ ਰਾਸ਼ਟਰੀ ਝੰਡਾ ਲਹਿਰਾਉਣਗੇ।