43 ਏਕੜ ਜ਼ਮੀਨ ਤੋਂ ਪਰਿਵਾਰ ਨੇ ਖੁਦ ਹੀ ਛੱਡਿਆ ਕਬਜ਼ਾ, ਮੁੱਖ ਮੰਤਰੀ ਨੇ ਧੰਨਵਾਦ ਦੇ ਤੌਰ ਤੇ ਭੇਜੇ ਕਣਕ ਦੇ ਦਾਣੇ

ਆਮ ਆਦਮੀ ਪਾਰਟੀ ਵੱਲੋਂ ਚੋਣ ਮੈਨੀਫੈਸਟੋ ਦੌਰਾਨ ਪੰਜਾਬ ਦੇ ਲੋਕਾਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਦਾ ਵਾਅਦਾ ਕੀਤਾ ਗਿਆ ਸੀ। ਇਸ ਪਾਰਟੀ ਦੇ ਵਾਅਦਿਆਂ ਤੋਂ ਪ੍ਰਭਾਵਤ ਹੋ ਕੇ ਜਨਤਾ ਨੇ ਇਨ੍ਹਾਂ ਨੂੰ ਵੱਡੀ ਗਿਣਤੀ ਵਿਚ ਵੋਟਾਂ ਪਾਈਆਂ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ। ਪਿਛਲੇ ਦਿਨੀਂ ਚੰਡੀਗਡ਼੍ਹ ਵਿਖੇ ਕੈਪਟਨ ਅਮਰਿੰਦਰ ਸਿੰਘ ਦੇ ਸੀਸਵਾਂ ਫਾਰਮ ਅਤੇ ਸੁਖਬੀਰ ਸਿੰਘ ਬਾਦਲ ਦੇ ਸੁੱਖ ਵਿਲਾਸ ਹੋਟਲ ਨੇੜੇ ਤੋਂ 39 ਏਕੜ ਜ਼ਮੀਨ ਛੁਡਾਈ ਗਈ ਹੈ।

ਜਿਸ ਤੇ ਕਿਸੇ ਬਿਕਰਮ ਸਿੰਘ ਨਾਮ ਦੇ ਵਿਅਕਤੀ ਨੇ ਕਬਜ਼ਾ ਕੀਤਾ ਹੋਇਆ ਸੀ। ਕਬਜ਼ਾ ਛੁਡਵਾਉਣ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਖੁਦ ਪਹੁੰਚੇ ਸਨ। ਇਸੇ ਲੜੀ ਅਧੀਨ ਪਟਿਆਲਾ ਦੇ ਬਲਾਕ ਭੁਨਰਹੇੜੀ ਅਧੀਨ ਪੈਂਦੇ ਪਿੰਡ ਨੈਣ ਖੁਰਦ ਵਿੱਚ ਵੀ 43 ਏਕੜ ਜ਼ਮੀਨ ਕਿਸੇ ਦੇ ਕਬਜ਼ੇ ਚੋਂ ਛੁਡਾਈ ਗਈ ਹੈ। ਇਸ ਜ਼ਮੀਨ ਤੇ ਕਿਸੇ ਨੇ ਕਾਫ਼ੀ ਲੰਬੇ ਸਮੇਂ ਤੋਂ ਕਬਜ਼ਾ ਕੀਤਾ ਹੋਇਆ ਸੀ। ਇਸ ਪਰਿਵਾਰ ਨੇ ਖ਼ੁਦ ਹੀ ਕਬਜ਼ਾ ਛੱਡ ਦਿੱਤਾ ਹੈ।

ਜਿਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਪਰਿਵਾਰ ਦੀ ਬਜ਼ੁਰਗ ਮਾਤਾ ਲਈ ਕਣਕ ਦੇ ਦਾਣੇ ਭੇਜੇ ਗਏ। ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੁਆਰਾ ਕਣਕ ਦੇ ਇਹ ਦਾਣੇ ਬਜ਼ੁਰਗ ਮਾਤਾ ਪ੍ਰਮਿੰਦਰ ਕੌਰ ਦੀ ਝੋਲੀ ਵਿੱਚ ਪਾਏ ਗਏ ਅਤੇ ਪਰਿਵਾਰ ਵਿਚ ਰਿਜ਼ਕ ਦੇ ਵਾਧੇ ਦੀ ਅਰਦਾਸ ਕੀਤੀ ਗਈ। ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਕਹਿਣਾ ਸੀ ਕਿ ਇਸ ਪਰਿਵਾਰ ਨੇ ਸਰਕਾਰ ਦੇ ਰਿਜ਼ਕ ਵਿੱਚ ਵਾਧੇ ਲਈ ਇਸ ਜ਼ਮੀਨ ਤੋਂ ਕਬਜ਼ਾ ਛੱਡਿਆ ਹੈ।

ਇਸ ਲਈ ਪੰਜਾਬ ਸਰਕਾਰ ਵੱਲੋਂ ਉਹ ਪਰਿਵਾਰ ਦੇ ਰਿਜ਼ਕ ਵਿੱਚ ਵਾਧੇ ਦੀ ਅਰਦਾਸ ਕਰਦੇ ਹੋਏ ਕਣਕ ਦੇ ਦਾਣੇ ਲੈ ਕੇ ਇੱਥੇ ਪਹੁੰਚੇ ਹਨ। ਇਸ ਤੋਂ ਬਾਅਦ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਉਸ ਜ਼ਮੀਨ ਵਿੱਚ ਵੀ ਗਏ। ਜੋ ਜ਼ਮੀਨ ਪਹਿਲਾਂ ਇਸ ਪਰਿਵਾਰ ਦੇ ਕਬਜ਼ੇ ਹੇਠ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਜ਼ਮੀਨ ਜੰਗਲਾਤ ਵਿਭਾਗ ਦੀ ਹੈ। ਕੈਬਨਿਟ ਮੰਤਰੀ ਦਾ ਕਹਿਣਾ ਸੀ ਕਿ ਜਿਨ੍ਹਾਂ ਲੋਕਾਂ ਨੇ ਸਰਕਾਰੀ ਜ਼ਮੀਨਾਂ ਜਾਂ ਛੱਪੜਾਂ ਤੇ ਕਬਜ਼ੇ ਕੀਤੇ ਹੋਏ ਹਨ ਉਹ ਸਾਰੇ ਪੰਜਾਬ ਸਰਕਾਰ ਦੁਆਰਾ ਹਟਾਏ ਜਾਣਗੇ।