7 ਦਹਾਕਿਆਂ ਤੋਂ 14 ਏਕੜ ਜ਼ਮੀਨ ਤੇ ਕੀਤਾ ਹੋਇਆ ਸੀ ਕਬਜਾ, ਭਾਰੀ ਗਿਣਤੀ ਚ ਪੁਲਿਸ ਦੀ ਹਾਜਰੀ ਚ ਛੁਡਵਾਇਆ ਕਬਜਾ

ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਕਾਰੀ ਜ਼ਮੀਨਾਂ ਤੇ ਲੋਕਾਂ ਦੁਆਰਾ ਕੀਤੇ ਗਏ ਕਬਜ਼ੇ ਛੁਡਵਾਉਣੇ ਸ਼ੁਰੂ ਕਰ ਦਿੱਤੇ ਹਨ। ਪੇੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਇਸ ਪਾਸੇ ਕਾਫੀ ਸਰਗਰਮ ਨਜ਼ਰ ਆ ਰਹੇ ਹਨ। ਉਨ੍ਹਾਂ ਵੱਲੋਂ ਵਿਸ਼ੇਸ਼ ਤੌਰ ਤੇ ਇਸ ਪਾਸੇ ਦਿਲਚਸਪੀ ਲੈ ਕੇ ਗਲਤ ਕਬਜ਼ੇ ਛੁਡਾਏ ਜਾ ਰਹੇ ਹਨ। ਪਿਛਲੇ ਦਿਨੀਂ ਚੰਡੀਗੜ੍ਹ ਵਿਖੇ ਕੈਪਟਨ ਅਮਰਿੰਦਰ ਸਿੰਘ ਦੇ ਸੀਸਵਾਂ ਫਾਰਮ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ

ਸੁੱਖ ਵਿਲਾਸ ਹੋਟਲ ਨੇੜੇ ਬਿਕਰਮ ਸਿੰਘ ਨਾਮ ਦੇ ਵਿਅਕਤੀ ਦੇ ਕਬਜ਼ੇ ਹੇਠੋਂ 29 ਏਕੜ ਸਰਕਾਰੀ ਜ਼ਮੀਨ ਛੁਡਾਈ ਗਈ। ਇਸ ਵਿਅਕਤੀ ਨੇ ਕਾਫੀ ਦੇਰ ਤੋਂ ਇਸ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਸੀ। ਕਬਜ਼ਾ ਛੁਡਵਾਉਣ ਸਮੇਂ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਖ਼ੁਦ ਹਾਜ਼ਰ ਸਨ। ਤਾਜ਼ਾ ਮਾਮਲਾ ਕਸਬਾ ਬਨੂੜ ਦੇ ਪਿੰਡ ਹੁਲਕਾ ਤੋਂ ਸਾਹਮਣੇ ਆਇਆ ਹੈ। ਜਿੱਥੇ 14 ਏਕੜ ਜ਼ਮੀਨ ਪੁਲਿਸ ਫੋਰਸ ਦੀ ਮਦਦ ਨਾਲ ਕਿਸੇ ਦੇ ਕਬਜ਼ੇ ਹੇਠੋਂ ਛੁਡਵਾਈ ਗਈ ਹੈ।

ਪੰਚਾਇਤ ਅਫਸਰ ਅਤੇ ਨਾਇਬ ਤਹਿਸੀਲਦਾਰ ਇਸ ਸਮੇਂ ਹਾਜ਼ਰ ਸਨ। ਇਨ੍ਹਾਂ ਲੋਕਾਂ ਨੇ ਲਗਭਗ 70 ਸਾਲ ਤੋਂ ਇਸ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਸੀ। ਸਰਕਾਰ ਵੱਲੋਂ ਇਸ ਤਰ੍ਹਾਂ ਕਿਸੇ ਦੇ ਕਬਜ਼ੇ ਹੇਠੋਂ ਸਰਕਾਰੀ ਜ਼ਮੀਨ ਛੁਡਵਾਉਣ ਨਾਲ ਪੰਚਾਇਤ ਵਿਭਾਗ ਦੀ ਆਮਦਨ ਵਿੱਚ ਵਾਧਾ ਹੋ ਰਿਹਾ ਹੈ। ਪਟਿਆਲਾ ਦੇ ਬਲਾਕ ਭੁਨਰਹੇਡ਼ੀ ਦੇ ਪਿੰਡ ਨੈਣ ਖੁਰਦ ਦੇ ਇਕ ਪਰਿਵਾਰ ਨੇ ਖ਼ੁਦ ਹੀ 43 ਏਕੜ ਜ਼ਮੀਨ ਤੋਂ ਕਬਜ਼ਾ ਛੱਡ ਦਿੱਤਾ।

ਜਿਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਭੇਜੇ ਕਣਕ ਦੇ ਕੁਝ ਦਾਣੇ ਲੈ ਕੇ ਪੰਚਾਇਤ ਮੰਤਰੀ ਇਸ ਪਰਿਵਾਰ ਦੀ ਬਜ਼ੁਰਗ ਔਰਤ ਕੋਲ ਪਹੁੰਚੇ। ਉਨ੍ਹਾਂ ਨੇ ਇਹ ਦਾਣੇ ਬਜ਼ੁਰਗ ਔਰਤ ਦੀ ਝੋਲੀ ਵਿੱਚ ਪਾ ਕੇ ਇਸ ਪਰਿਵਾਰ ਦੇ ਰਿਜ਼ਕ ਵਿੱਚ ਵਾਧਾ ਹੋਣ ਦੀ ਅਰਦਾਸ ਕੀਤੀ। ਇਸ ਸਮੇਂ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਜ਼ਮੀਨ ਦਾ ਦੌਰਾ ਵੀ ਕੀਤਾ। ਜਿਸ ਤਰ੍ਹਾਂ ਇਸ ਸਰਕਾਰ ਵੱਲੋਂ ਲੋਕਾਂ ਦੇ ਕਬਜ਼ੇ ਹੇਠੋਂ ਸਰਕਾਰੀ ਜ਼ਮੀਨ ਛੁਡਵਾਈ ਜਾ ਰਹੀ ਹੈ। ਇਸ ਨਾਲ ਪੰਚਾਇਤ ਵਿਭਾਗ ਦੀ ਆਮਦਨ ਵਿੱਚ ਜ਼ਰੂਰ ਵਾਧਾ ਹੋਵੇਗਾ।